ਬਟਾਲਾ, 6 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੈ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਸਰਹੱਦੀ ਇਲਾਕੇ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਇਸ ਇਲਾਕੇ ਦੀਆਂ ਕਈ ਪੀੜ੍ਹੀਆਂ ਬਰਬਾਦ ਹੋ ਗਈਆਂ ਹਨ।
ਬਟਾਲਾ ਵਿਖੇ ਨਵੀਂ ਅੱਪਗ੍ਰੇਡ ਸ਼ੂਗਰ ਮਿੱਲ ਦਾ ਉਦਘਾਟਨ ਕਰਨ ਪਿਛੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਅਤੇ ਇਮਾਨਦਾਰ ਹਨ। ਪਰ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੀ ਜਿੰਦਗੀ ਬਰਬਾਦ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਇਨ੍ਹਾਂ ਪਾਰਟੀਆਂ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਗਲਤ ਰਾਹੇ ਪਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਲੋਕ ਦਲੇਰ ਅਤੇ ਬਹਾਦਰ ਲੋਕ ਹੁੰਦੇ ਹਨ। ਪਰ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਅਤੇ ਸਰਹੱਦੀ ਇਲਾਕੇ ਦੇ ਨੌਜਵਾਨਾਂ ਨੂੰ ਵੀ ਕੁਰਾਹੇ ਪਾਉਣ ਦੀ ਸਿਆਸਤ ਖੇਡੀ।
ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਹੱਦੀ ਇਲਾਕੇ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਬਟਾਲਾ ਵਿਖੇ 296 ਕਰੋੜ ਰੁਪਏ ਖਰਚ ਕੇ ਮਿੱਲ ਨੂੰ ਅੱਪਗ੍ਰੇਡ ਕੀਤਾ ਗਿਆ ਹੈ। ਇਸ ਮਿੱਲ ਦੀ 2500 ਟਨ ਗੰਨੇ ਦੀ ਪਿੜਾਈ ਕਰਨ ਦੀ ਸਮਰੱਥਾ ਹੈ ਤਅੇ ਇਥੇ 14 ਮੈਗਾਵਾਟ ਬਿਲਜੀ ਦਾ ਪਲਾਂਟ ਵੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਿੱਲ ਵਿਚ ਰਿਫਾਈਂਡ ਖੰਡ ਵੀ ਬਣਾਈ ਜਾਵੇਗੀ ਅਤੇ ਰਿਫਾਈਂਡ ਖੰਡ ਬਣਾਉਣ ਵਾਲੀ ਇਹ ਪਹਿਲੀ ਖੰਡ ਮਿੱਲ ਬਣ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਇਸ ਮਿੱਲ ਵਲੋਂ 35 ਲੱਖ ਕੁਇੰਟਲ ਗੰਨਾ ਖਰੀਦਣ ਦਾ ਟੀਚਾ ਮਿਥਿਆ ਗਿਆ ਹੈ। ਇਸ ਮਿੱਲ ਵਿਚ ਰੋਜ਼ਾਨਾ 150 ਟਨ ਖਾਦ ਵੀ ਤਿਆਰ ਕੀਤੀ ਜਾਵੇਗੀ, ਜਿਸ ਨਾਲ ਇਲਾਕੇ ਦੇ ਕਿਸਾਨਾਂ ਦੀ ਖੁਸ਼ਹਾਲੀ ਹੋਵੇਗੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਪੂਰੇ ਦੇਸ਼ ਨਾਲੋਂ ਹੀ ਨਹੀਂ ਸਗੋਂ ਪੂਰੀ ਦੁਨੀਆਂ ਨਾਲੋਂ ਗੰਨੇ ਦਾ ਵੱਧ ਭਾਅ ਮਿਲ ਰਿਹਾ ਹੈ।