ਸੁਨਾਮ, 6 ਦਸੰਬਰ : ਅੱਜ ਸੁਨਾਮ ਹਲਕੇ ਦੇ ਤਿੰਨ ਪਿੰਡਾਂ ਵਿਚ ਨਵੇਂ ਜਲ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੇ ਘਰਾਂ ਤੱਕ ਸਾਫ ਸੁਥਰਾ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਪੰਜਾਬ ਦੇ 144 ਪਿੰਡਾਂ ਵਿਚ ਨਵੀਆਂ ਜਲ ਸਪਲਾਈ ਸਕੀਮਾਂ ਲਈ ਸਰਕਾਰ ਵਲੋਂ 160 ਕਰੋੜ ਰੁਪਏ ਦੀ ਯੋਜਨਾ ਨੂੰ ਜਲਦੀ ਹੀ ਮਨਜੂਰੀ ਮਿਲ ਜਾਵੇਗੀ।
ਅੱਜ ਕੈਬਨਿਟ ਮੰਤਰੀ ਪਿੰਡ ਢੱਡਰੀਆਂ, ਤੋਲੇਵਾਲਾ ਅਤੇ ਬਿਸ਼ਨਪੁਰਾ ਅਕਾਲਗੜ੍ਹ ਵਿਖੇ ਜਲ ਸਪਲਾਈ ਸਕੀਮਾਂ ਦਾ ਉਦਘਾਟਨ ਕੀਤਾ ਜਿਸ ‘ਤੇ ਸਰਕਾਰ ਵਲੋਂ 4.21 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸ੍ਰੀ ਮੁੰਡੀਆਂ ਨੇ ਦੱਸਿਆ ਕਿ ਸੁਨਾਮ ਹਲਕੇ ਦੇ ਵਿਧਾਇਕ ਸ੍ਰੀ ਅਮਨ ਅਰੋੜਾ ਦੇ ਸਿਰ ‘ਤੇ ਹੁਣ ਪਾਰਟੀ ਦੇ ਸੂਬਾ ਪ੍ਰਧਾਨ ਦੀ ਬਹੁਤ ਵੱਡੀ ਜੁੰਮੇਵਾਰੀ ਹੈ। ਇਸ ਲਈ ਸ੍ਰੀ ਅਮਨ ਆਰੋੜਾ ਵਲੋਂ ਪਾਰਟੀ ਦੀ ਜੁੰਮੇਵਾਰੀ ਦੇ ਨਾਲ ਨਾਲ ਹੀ ਆਪਣੇ ਹਲਕੇ ਦੇ ਵਿਕਾਸ ਲਈ ਵੀ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ।