ਚੰਡੀਗੜ੍ਹ, 23 ਦਸੰਬਰ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜਸਥਾਨ ਵਿਚ ਹੋਈ ਪ੍ਰੀ ਬੱਜਟ ਮੀਟਿੰਗ ਦੌਰਾਨ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜਿਲਿਆਂ ਵਿਚ ਪੰਜਾਬ ਪੁਲੀਸ ਦਾ ਬੁਨਿਆਦੀ ਢਾਂਚਾ ਮਜਬੂਤ ਕਰਨ ਲਈ ਇਕ ਹਜਾਰ ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇ।
ਅੱਜ ਚੰਡੀਗੜ੍ਹ ਵਿਖੇ ਜਾਰੀ ਇਕ ਬਿਆਨ ਵਿਚ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਨਾਬਾਰਡ ਦੀ ਸਾਲ 2024–25 ਲਈ ਸੀਜ਼ਨਲ ਐਗਰੀਕਲਚਰਲ ਅਪ੍ਰੇਸ਼ਨਜ਼ ਦੀ ਸੀਮਾ ਵੀ ਘਟਾ ਕੇ 1100 ਕਰੋੜ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਇਹ ਸੀਮਾ ਵਧਾ ਕੇ 3041 ਕਰੋੜ ਰੁਪਏ ਕਰਨ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿਚ ਰਾਜਪੁਰਾ ਵਿਚ ਪ੍ਰਧਾਨ ਮੰਤਰੀ ਗਤੀ ਸ਼ਕਤੀ ਸਕੀਮ ਦੇ ਅਧੀਨ ਸੜਕ ਸੰਪਰਕ ਦਾ ਮਾਮਲਾ ਵੀ ਉਠਾਇਆ ਗਿਆ ਅਤੇ ਇਸ ਵਾਸਤੇ 100 ਕਰੋੜ ਰੁਪਏ ਦੀ ਗਰਾਂਟ ਦੀ ਮੰਗ ਕੀਤੀ ਗਈ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ਵਿਚ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਵਿੱਤੀ ਸਹਾਇਤਾ ਦੀ ਵੀ ਮੰਗ ਕੀਤੀ ਗਈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਇਸ ਲਈ ਇਸ ਸੂਬੇ ਨੂੰ ਵਧੇਰੇ ਗਰਾਂਟਾਂ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਪਰ ਕੇਂਦਰ ਸਰਕਾਰ ਵਲੋਂ ਹਮੇਸ਼ਾਂ ਹੀ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਥੋਂ ਤੱਕ ਪੰਜਾਬ ਦੇ ਕਿਸਾਨਾਂ ਵਲੋਂ ਪੂਰੇ ਦੇਸ਼ ਲਈ ਆਨਾਜ਼ ਪੈਦਾ ਕੀਤਾ ਜਾਂਦਾ ਹੈ, ਪਰ ਜਦੋਂ ਕਿਸਾਨਾਂ ਦੀ ਸਹਾਇਤਾ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ।