ਜਲੰਧਰ, 23 ਦਸੰਬਰ : ਨਗਰ ਨਿਗਮ ਚੋਣਾ ਦੌਰਾਨ ਜਲੰਧਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਦੋ ਕਾਂਗਰਸੀ ਕੌਂਸਲਰਾਂ ਨੇ ਆਪ ਦਾ ਪੱਲਾ ਫੜ੍ਹ ਲਿਆ ਅਤੇ ਪਾਰਟੀ ਆਪਣਾ ਮੇਅਰ ਬਣਾਉਣ ਦੇ ਨੇੜੇ ਪਹੁੰਚ ਗਈ ਹੈ।
ਨਗਰ ਨਿਗਮ ਚੋਣਾ ਦੌਰਾਨ ਜਲੰਧਰ ਦੇ 85 ਵਾਰਡਾਂ ਵਿਚੋਂ 38 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਪਰ ਮੇਅਰ ਬਣਾਉਣ ਲਈ 43 ਕੌਂਸਲਰਾਂ ਦੀ ਲੋੜ ਹੈ। ਇਸ ਲਈ ਹੁਣ ਵਾਰਡ ਨੰਬਰ 81 ਤੋਂ ਚੋਣ ਜਿੱਤਣ ਵਾਲੀ ਕੌਂਸਲਰ ਸੀਮਾ ਰਾਣੀ ਅਤੇ ਵਾਰਡ ਨੰਬਰ 65 ਤੋਂ ਕੌਂਸਲਰ ਪਰਵੀਨ ਵਾਸਨ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਹ ਦੋਵੇਂ ਕੌਂਸਲਰ ਕਾਂਗਰਸ ਪਾਰਟੀ ਦੇ ਸਨ। ਹੁਣ ਆਮ ਆਦਮੀ ਪਾਰਟੀ ਕੋਲ 40 ਕੌਂਸਲਰ ਹੋ ਗਏ ਹਨ ਅਤੇ ਮੇਅਰ ਬਣਾਉਣ ਲਈ ਤਿੰਨ ਹੋਰ ਕੌਂਸਲਰਾਂ ਦੀ ਲੋੜ ਹੈ। ਆਮ ਆਦਮੀ ਪਾਰਟੀਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਜਲੰਧਰ ਦਾ ਮੇਅਰ ਬਣਾਉਣ ਲਈ ਲੋੜੀਂਦਾ ਬਹੁਮੱਤ ਹਾਸਲ ਕਰਨ ਵਿਚ ਕਾਮਯਾਬ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਸ਼ਾਮਲ ਹੋਏ ਦੋਵਾਂ ਕੌਂਸਲਰਾਂ ਦਾ ਪਾਰਟੀ ਵਿਚ ਸਵਾਗਤ ਕੀਤਾ ਹੈ। ਇਨ੍ਹਾਂ ਦੋਵਾਂ ਕੌਂਸਲਰਾਂ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹਾਰ ਪਾ ਕੇ ਸਵਾਗਤ ਕੀਤਾ।