
ਨਵੀਂ ਦਿੱਲੀ, 1 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਲਈ ਕਈ ਰੋਡ ਸ਼ੋਅ ਅਤੇ ਜਨ ਸਭਾਵਾਂ ਨੂੰ ਸੰਬੋਧਿਤ ਕੀਤਾ। ਮਾਨ ਦੀ ਪ੍ਰਚਾਰ ਮੁਹਿੰਮ ਮਾਦੀਪੁਰ, ਹਰੀ ਨਗਰ, ਜਨਕਪੁਰੀ ਅਤੇ ਪਾਲਮ ਵਿਧਾਨ ਸਭਾ ਖੇਤਰਾਂ ਤੋਂ ਲੰਘੀ ਅਤੇ ਚਾਂਦਨੀ ਚੌਕ ਵਿੱਚ ਇੱਕ ਜਨ ਸਭਾ ਨਾਲ ਸਮਾਪਤ ਹੋਈ।
ਸੀਐੱਮ ਮਾਨ ਨੂੰ ਮਾਦੀਪੁਰ ਹਲਕੇ ਦੇ ਸ਼ਿਵਾਜੀ ਵਿਹਾਰ ਵਿੱਚ ਲੋਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ। ਭੀੜ ਨੂੰ ਸੰਬੋਧਿਤ ਕਰਦਿਆਂ ਮਾਨ ਨੇ ਆਪ ਉਮੀਦਵਾਰ ਰਾਖੀ ਬਿੜਲਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ “ਅਰਵਿੰਦ ਕੇਜਰੀਵਾਲ ਦਾ ਸੱਚਾ ਸਿਪਾਹੀ” ਦੱਸਿਆ ਅਤੇ ਜਨਤਾ ਤੋਂ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਮਾਨ ਨੇ ਕਿਹਾ, “ਅਰਵਿੰਦ ਕੇਜਰੀਵਾਲ ਇੱਕੋ-ਇੱਕ ਨੇਤਾ ਹਨ ਜੋ ਆਪਣੇ ਵਾਅਦੇ ਪੂਰੇ ਕਰਦੇ ਹਨ। ਅਸੀਂ ‘ਜੁਮਲੇ’ ਨਹੀਂ ਸੁਣਾਉਂਦੇ। ਅਸੀਂ ਆਪਣੇ ਸ਼ਬਦਾਂ ‘ਤੇ ਅਮਲ ਕਰਦੇ ਹਾਂ। ਇਸ ਲਈ 5 ਫਰਵਰੀ ਨੂੰ ਝਾੜੂ ਦਾ ਬਟਨ ਦਬਾਓ। ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੋਵੇਗੀ ਕਿ ਆਪਣੇ ਵਾਅਦੇ ਨੂੰ ਕਿਵੇਂ ਪੂਰਾ ਕਰਨਾ ਹੈ।”
ਉਨ੍ਹਾਂ ਨੇ ਭ੍ਰਿਸ਼ਟ ਰਾਜਨੀਤੀ ਨੂੰ ਖਾਰਜ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ, ”ਇਹ ਪਾਰਟੀਆਂ ਵੋਟ ਖਰੀਦਣ ਲਈ ਪੈਸੇ ਵੰਡਣਗੀਆਂ। ਪੈਸੇ ਲੈ ਲਓ, ਪਰ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਈਮਾਨਦਾਰੀ ਅਤੇ ਵਿਕਾਸ ਲਈ ਵੋਟ ਪਾਓ।”
ਹਰੀ ਨਗਰ ਵਿੱਚ ਮਾਨ ਨੇ ਲੋਕਾਂ ਨੂੰ ਉਨ੍ਹਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ, “ਤੁਹਾਡੇ ਪਿਆਰ ਨੂੰ ਕਿਸੇ ਵੀ ਮੁਦਰਾ ਵਿੱਚ ਮਾਪਿਆ ਨਹੀਂ ਜਾ ਸਕਦਾ। ਇਹ ਅਮੁੱਲ ਹੈ।” ਉਨ੍ਹਾਂ ਨੇ ਆਪ ਦੇ ਸ਼ਾਸਨ ਮਾਡਲ ‘ਤੇ ਚਾਨਣਾ ਪਾਇਆ, ਜਿਸ ਵਿੱਚ 200 ਯੂਨਿਟ ਮੁਫ਼ਤ ਬਿਜਲੀ, ਮੁਫ਼ਤ ਪਾਣੀ ਅਤੇ ਮਹਿਲਾ ਸਨਮਾਨ ਯੋਜਨਾ ਸ਼ਾਮਲ ਹੈ ਜਿਸ ਤਹਿਤ ਔਰਤਾਂ ਨੂੰ ਮਹੀਨਾਵਾਰ 2,100 ਰੁਪਏ ਦਿੱਤੇ ਜਾਣੇ ਹਨ।
ਮਾਨ ਨੇ ਵਿਰੋਧੀ ਪਾਰਟੀਆਂ ਨਾਲ ਆਪ ਦੇ ਟਰੈਕ ਰਿਕਾਰਡ ਦੀ ਤੁਲਨਾ ਕੀਤੀ ਅਤੇ ਕਿਹਾ, “ਸਾਡੀਆਂ ਨੀਤੀਆਂ ਤੁਹਾਡਾ ਖਿਆਲ ਰੱਖਦੀਆਂ ਹਨ। ਉੱਥੇ ਵਿਰੋਧੀ ਨੇਤਾਵਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਤੁਹਾਨੂੰ ਆਪਣੀਆਂ ਉਂਗਲਾਂ ਗਿਣਨੀਆਂ ਪੈਂਦੀਆਂ ਹਨ ਕਿ ਸਾਰੀਆਂ ਸੁਰੱਖਿਅਤ ਹਨ ਕਿ ਲੈ ਗਏ।”
ਆਪ ਉਮੀਦਵਾਰ ਪ੍ਰਵੀਨ ਕੁਮਾਰ ਲਈ ਪ੍ਰਚਾਰ ਕਰਦਿਆਂ ਮਾਨ ਨੇ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਪਾਰਟੀ ਦੱਸਦਿਆਂ ਕਿਹਾ, ”ਅਸੀਂ ਤੁਹਾਡੇ ਵਰਗੇ ਆਮ ਲੋਕ ਹਾਂ ਅਤੇ ਈਮਾਨਦਾਰ ਸ਼ਾਸਨ ਲਈ ਵਚਨਬੱਧ ਹਾਂ।” ਉਨ੍ਹਾਂ ਨੇ ਸਸਤੀ ਸਿੱਖਿਆ, ਮੁਫ਼ਤ ਸਿਹਤ ਸੰਭਾਲ, ਰਿਆਇਤੀ ਬਿਜਲੀ ਅਤੇ ਮਹਿਲਾ ਸਨਮਾਨ ਯੋਜਨਾ ਰਾਹੀਂ ਨਾਗਰਿਕਾਂ ਨੂੰ ਮਹੀਨਾਵਾਰ ₹25,000-₹30,000 ਬਚਾਉਣ ਦੀ ਗੱਲ ਕਹੀ।
ਮਾਨ ਨੇ ਕਿਹਾ, “ਫ਼ੈਸਲਾ ਕਰਨਾ ਸੌਖਾ ਹੈ: ਤੁਹਾਨੂੰ ਉਨ੍ਹਾਂ ਲੋਕਾਂ ਵਿਚਕਾਰ ਚੋਣ ਕਰਨੀ ਹੈ ਜੋ ਸੰਘਰਸ਼ ਨੂੰ ਵਧਾਵਾ ਦਿੰਦੇ ਹਨ ਅਤੇ ਜੋ ਸਿੱਖਿਆ ਤੇ ਵਿਕਾਸ ਨੂੰ ਤਰਜੀਹ ਦਿੰਦੇ ਹਨ।