
ਲੁਧਿਆਣਾ, 1 ਫਰਵਰੀ : ਇਥੋਂ ਦੇ ਬਾਬਾ ਥਾਨ ਸਿੰਘ ਚੌਕ ‘ਤੇ ਸਥਿਤ ਇੱਕ ਜਿਮ ਦੇ ਬਾਹਰ ਲੱਗੇ ਬਿਜਲੀ ਮੀਟਰ ਵਿੱਚ ਅੱਜ ਧਮਾਕਾ ਹੋ ਗਿਆ। ਮੀਟਰ ਵਿੱਚੋਂ ਅਚਾਨਕ ਧੂੰਆਂ ਨਿਕਲ ਰਿਹਾ ਸੀ। ਇਸ ਦੀ ਜਾਂਚ ਲਈ ਲੋਕਾਂ ਨੇ ਪ੍ਰਾਈਵੇਟ ਇਲੈਕਟ੍ਰੀਸ਼ੀਅਨ ਨੂੰ ਬੁਲਾਇਆ। ਮੀਟਰ ਚੈੱਕ ਕਰਦੇ ਸਮੇਂ ਧਮਾਕਾ ਹੋ ਗਿਆ। ਹਾਦਸੇ ਵਿੱਚ ਇਲੈਕਟ੍ਰੀਸ਼ੀਅਨ ਅਤੇ ਜਿਮ ਟ੍ਰੇਨਰ ਜ਼ਖ਼ਮੀ ਹੋ ਗਏ।
ਇਲੈਕਟ੍ਰੀਸ਼ੀਅਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ਲੱਗਣ ਕਾਰਨ ਉਸਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਜਿਮ ਟ੍ਰੇਨਰ ਦੀ ਹਾਲਤ ਠੀਕ ਹੈ।
ਜਾਣਕਾਰੀ ਮੁਤਾਬਕ, ਅੱਜ ਬਾਬਾ ਥਾਨ ਸਿੰਘ ਚੌਕ ‘ਤੇ ਇੱਕ ਜਿਮ ਦੇ ਬਾਹਰ ਲੱਗੇ ਬਿਜਲੀ ਮੀਟਰ ਵਿੱਚੋਂ ਅਚਾਨਕ ਧੂੰਆਂ ਨਿਕਲਣ ‘ਤੇ ਜਿਮ ਟ੍ਰੇਨਰ ਨੇ ਨੇੜੇ ਦੇ ਇਲੈਕਟ੍ਰੀਸ਼ੀਅਨ ਨੂੰ ਬੁਲਾਇਆ। ਜਿੱਥੇ ਜਾਂਚ ਕਰਨ ਦੌਰਾਨ ਮੀਟਰ ਵਿੱਚ ਅਚਾਨਕ ਧਮਾਕਾ ਹੋ ਗਿਆ।
ਧਮਾਕੇ ਦੌਰਾਨ ਇਲੈਕਟ੍ਰੀਸ਼ੀਅਨ ਅਤੇ ਜਿਮ ਟ੍ਰੇਨਰ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਤੁਰੰਤ ਸੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲੈਕਟ੍ਰੀਸ਼ੀਅਨ ਦਾ ਚਿਹਰਾ ਸੜਨ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ, ਉੱਥੇ ਜਿਮ ਟ੍ਰੇਨਰ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਇਲੈਕਟ੍ਰੀਸ਼ੀਅਨ ਹਰਬੰਸਪੁਰਾ ਵਾਸੀ ਸੁਮਿਤ ਕੁਮਾਰ ਨੇ ਦੱਸਿਆ ਕਿ ਉਹ ਮੀਟਰ ਵਿੱਚੋਂ ਧੂੰਆਂ ਨਿਕਲਣ ‘ਤੇ ਜਾਂਚ ਕਰਨ ਪਹੁੰਚਿਆ, ਤਾਂ ਉਸ ਨੇ ਜਿਵੇਂ ਹੀ ਮੀਟਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਇਕਦਮ ਧਮਾਕਾ ਹੋ ਗਿਆ। ਜਿਸ ਨਾਲ ਉਸਦੇ ਹੱਥ ਅਤੇ ਮੂੰਹ ਬੁਰੀ ਤਰ੍ਹਾਂ ਝੁਲਸ ਗਏ। ਉੱਥੇ ਹੀ ਜਿਮ ਟ੍ਰੇਨਰ ਦੇ ਵਾਲ ਅਤੇ ਚਿਹਰਾ ਝੁਲਸ ਗਿਆ। ਜਿਸ ਨੂੰ ਹਸਪਤਾਲ ਵਿੱਚੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਮਾਮਲੇ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।