
ਮੋਗਾ, 1 ਫਰਵਰੀ : ਇਥੋਂ ਦੇ ਇੱਕ ਵਪਾਰੀ ਨਾਲ 40 ਲੱਖ ਰੁਪਏ ਦੀ ਠੱਗੀ ਹੋਈ ਹੈ। ਚੰਡੀਗੜ੍ਹ ਦੇ ਇੱਕ ਜੋੜੇ ਨੇ ਸੈਨੀਟਾਈਜ਼ਰ ਦਾ ਟੈਂਡਰ ਦਿਵਾਉਣ ਦੇ ਨਾਂ ‘ਤੇ ਰਕਮ ਹੜੱਪ ਲਈ। ਬਾਘਾਪੁਰਾਣਾ ਦੇ ਵਪਾਰੀ ਅਭਿਨਵ ਮਿੱਤਲ ਨੇ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਮੁਤਾਬਕ, ਦੋਸ਼ੀ ਸੋਨਿਕ ਮੋਰਯਾ ਅਤੇ ਉਸਦੀ ਪਤਨੀ ਗੀਤਿਕਾ ਨੇ ਲਗਭਗ ਇੱਕ ਸਾਲ ਪਹਿਲਾਂ ਪੀੜਤ ਨਾਲ ਸੰਪਰਕ ਕਰਕੇ ਸੈਨੀਟਾਈਜ਼ਰ ਦਾ ਸਰਕਾਰੀ ਟੈਂਡਰ ਦਿਵਾਉਣ ਦਾ ਵਾਅਦਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਅਭਿਨਵ ਮਿੱਤਲ ਤੋਂ ਲਗਭਗ 40 ਲੱਖ ਰੁਪਏ ਲੈ ਲਏ। ਬਾਘਾਪੁਰਾਣਾ ਦੇ ਏ.ਐੱਸ.ਆਈ. ਜਗਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਜੋੜੇ ਨੇ ਨਾ ਤਾਂ ਵਾਅਦਾ ਕੀਤਾ ਟੈਂਡਰ ਦਿਵਾਇਆ ਅਤੇ ਨਾ ਹੀ ਪੀੜਤ ਦੇ ਪੈਸੇ ਵਾਪਸ ਕੀਤੇ।
ਪੀੜਤ ਵਪਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਆਪਣੇ ਪੈਸਿਆਂ ਦੀ ਮੰਗ ਕੀਤੀ, ਪਰ ਦੋਸ਼ੀ ਜੋੜੇ ਨੇ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।