
ਜਲੰਧਰ, 1 ਫਰਵਰੀ : ਈਸਾਈ ਸਮਾਜ ਦੇ ਪ੍ਰਸਿੱਧ ਪਾਦਰੀ ਅੰਕੁਰ ਨਰੂਲਾ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਮਾਮਲੇ ‘ਚ ਪੁਲਿਸ ਨੇ ਜਲੰਧਰ ਦੇ ਦੋ ਯੂਟਿਊਬਰਾਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਥਾਣਾ ਸਦਰ ਵਿੱਚ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਫੋਲੜੀਵਾਲ, ਸਦਰ ਦੇ ਰਹਿਣ ਵਾਲੇ ਵਿਕਟਰ ਗੋਲਡ ਪੁੱਤਰ ਵਿਲਸਨ ਦੇ ਬਿਆਨਾਂ ‘ਤੇ ਦੋਸ਼ੀ ਪਾਏ ਗਏ ਯੂਟਿਊਬ ਚੈਨਲ ਚਲਾਉਣ ਵਾਲੇ ਦਮਨ ਢੀਂਗਰਾ ਅਤੇ ਮਨਪ੍ਰੀਤ ਸਿੰਘ ਨਿਵਾਸੀ ਜਲੰਧਰ ਦੇ ਖਿਲਾਫ ਬੀਐੱਨਐੱਸ ਦੀ ਧਾਰਾ 196 (1) ਅਤੇ 353 (2) ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ‘ਚ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਪੁਲਿਸ ਨੂੰ ਦਿੱਤੇ ਗਏ ਬਿਆਨਾਂ ‘ਚ ਫੋਲੜੀਵਾਲ ਦੇ ਰਹਿਣ ਵਾਲੇ ਵਿਕਟਰ ਗੋਲਡ ਨੇ ਕਿਹਾ ਕਿ, ਦੋਸ਼ੀਆਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਅਸ਼ਲੀਲਤਾ ਨਾਂ ਦਾ ਇੱਕ ਯੂਟਿਊਬ ਚੈਨਲ ਬਣਾਇਆ ਹੋਇਆ ਹੈ। ਦੋਸ਼ੀਆਂ ਨੇ ਆਪਣੇ ਚੈਨਲ ‘ਤੇ ਇੱਕ ਵੀਡੀਓ ਅਪਲੋਡ ਕੀਤੀ। ਜਿਸ ਵਿੱਚ ਉਸਨੇ ਈਸਾਈ ਸਮਾਜ ਦੇ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਨਾਲ ਹੀ ਪਾਦਰੀ ਅੰਕੁਰ ਨਰੂਲਾ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।
ਜਦੋਂ ਵੀਡੀਓ ਈਸਾਈ ਸਮਾਜ ਦੇ ਲੋਕਾਂ ਤੱਕ ਪਹੁੰਚੀ ਤਾਂ ਸ਼ੁੱਕਰਵਾਰ ਨੂੰ ਮਾਮਲੇ ਦੀ ਸ਼ਿਕਾਇਤ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਸ਼ੁੱਕਰਵਾਰ ਰਾਤ ਦੋਸ਼ੀ ਦਮਨ ਅਤੇ ਮਨਪ੍ਰੀਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਕੇਸ ‘ਚ ਵੀਡੀਓ ਨੂੰ ਸਬੂਤ ਦੇ ਤੌਰ ‘ਤੇ ਰੱਖਿਆ ਹੈ।