ਤਰਨਤਾਰਨ, 29 ਦਸੰਬਰ : ਪੰਜਾਬ ਪੁਲੀਸ ਨੇ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤਪਾਲ ਬਾਡ ਦੇ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਕਬਜੇ ਵਿਚੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਰੂਦ ਵੀ ਬਰਾਮਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਜਿਲੇ ਦੀ ਪੁਲੀਸ ਵਲੋਂ ਕਾਬੂ ਕੀਤੇ ਗਏ ਇਨ੍ਹਾਂ ਗੈਂਗਸਟਰਾਂ ਦੀ ਪਛਾਣ ਜਿਲਾ ਬਟਾਲਾ ਦੇ ਪਿੰਡ ਭਗਵਾਨਪੁਰਾ ਦੇ ਵਾਸੀ ਗੁਰਮੀਤ ਸਿੰਘ ਰਾਵਲ, ਲਵਪ੍ਰੀਤ ਸਿੰਘ ਉਰਫ ਐਨ ਵੀ ਵਾਸੀ ਪਿੰਡ ਨਵਾਂਪਿੰਡ ਜਿਲਾ ਅੰਮ੍ਰਿਤਸਰ, ਕੋਟਖਾਲਸਾ ਦੇ ਵਾਸੀ ਸ਼ਮਸ਼ੇਰ ਸਿੰਘ ਸ਼ੇਰਾ ਤੇ ਸੰਦੀਪ ਸਿੰਘ ਉਰਫ ਗੋਲੀ ਅਤੇ ਹਰਪਾਲ ਸਿੰਘ ਵਾਸੀ ਪਿੰਡ ਨੂਰਪੁਰ ਜਿਲਾ ਗੁਰਦਾਸਪੁਰ ਵਜੋਂ ਹੋਈ ਹੈ। ਇਨ੍ਹਾਂ ਪਾਸੋਂ 9 ਐਮ ਐਮ ਦਾ ਅਮਰੀਕਾ ਦਾ ਬਣਿਆ ਹੋਇਆ ਇਕ ਪਿਸਤੌਲ, ਦੋ 32 ਬੋਰ ਦੇ ਪਿਸਤੌਲ, 15 ਕਾਰਤੂਸ਼ ਅਤੇ ਤਿੰਨ ਮੈਗਜ਼ੀਨ ਵੀ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਬਿਨਾਂ ਨੰਬਰ ਵਾਲੀ ਹੰਡਈ ਕਾਰ ਵੀ ਬਰਾਮਦ ਕੀਤੀ ਗਈ। ਇਨ੍ਹਾਂ ਗੈਂਗਸਟਰਾਂ ਨੇ ਜਾਂਚ ਦੌਰਾਨ ਮੰਨਿਆ ਕਿ ਇਹ ਹਥਿਆਰ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਨੇ ਸਪਲਾਈ ਕੀਤੇ ਸਨ।