ਚੰਡੀਗੜ੍ਹ, 29 ਦਸੰਬਰ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਹਿਕਾਰੀ ਅਦਾਰਿਆਂ ਨੂੰ ਹੁਲਾਰਾ ਦੇਣ ਲਈ ਲਾਗੂ ਕੀਤੀਆਂ ਗਈਆਂ ਨਵੀਆਂ ਨੀਤੀਆਂ ਨਾਲ ਮਿਲਕਫੈਡ ਵਰਗੇ ਸਹਿਕਾਰੀ ਅਦਾਰੇ ਜਿਥੇ ਪੰਜਾਬ ਵਾਸੀਆਂ ਨੂੰ ਮਿਆਰੀ ਸੇਵਾਵਾਂ ਦੇਣ ਵਿਚ ਕਾਮਯਾਬ ਹੋਏ ਹਨ, ਉਥੇ ਹੀ ਇਹ ਸਹਿਕਾਰੀ ਅਦਾਰੇ ਮੁਨਾਫਾ ਵੀ ਕਮਾਉਣ ਲੱਗੇ ਹਨ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਅਪ੍ਰੈਲ ਤੋਂ 31 ਅਕਤੂਬਰ 2024 ਦੇ ਸਮੇਂ ਦੌਰਾਨ ਦੁੱਧ ਦੀ ਕੀਮਤ ਵਿਚ ਮਿਲਫੈਡ ਵਲੋਂ 25 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਗਿਆ, ਜਿਸ ਨਾਲ ਡੇਅਰੀ ਮਾਲਕਾਂ ਨੂੰ ਵੱਡਾ ਫਾਇਦਾ ਹੋਇਆ। ਇਸ ਵੇਲੇ ਮਿਲਕਫੈਡ ਵਲੋਂ ਦੁੱਧ ਦੀ ਖਰੀਦ 840 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ 6 ਹਜਾਰ ਤੋਂ ਵੀ ਵੱਧ ਸਹਿਕਾਰੀ ਸਭਾਵਾਂ ਹਨ ਅਤੇ ਇਨ੍ਹਾਂ ਸਹਿਕਾਰੀ ਸਭਾਵਾਂ ਨਾਲ ਪੰਜ ਲੱਖ ਤੋਂ ਵੀ ਵੱਧ ਦੁੱਧ ਉਤਪਾਦਕ ਰਜਿਸਟਰਡ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਸਹਿਕਾਰੀ ਵਿਭਾਗ ਦਾ ਕਾਰਜਭਾਗ ਹੈ। ਇਸ ਲਈ ਮੁੱਖ ਮੰਤਰੀ ਵਲੋਂ ਸਹਿਕਾਰੀ ਅਦਾਰਿਆਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ। ਇਸ ਸਾਲ ਜਿਥੇ ਦੁੱਧ ਉਤਪਾਦਕਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ, ਉਥੇ ਦੁੱਧ ਦੇ ਮਿਆਰ ਵਿਚ ਵੀ ਵਾਧਾ ਹੋਇਆ ਹੈ। ਵੇਰਕਾ ਵਲੋਂ ਕਈ ਨਵੇਂ ਉਤਪਾਦ ਵੀ ਲਾਂਚ ਕੀਤੇ ਗਏ ਹਨ।