ਸ੍ਰੀ ਮੁਕਤਸਰ ਸਾਹਿਬ, 2 ਦਸੰਬਰ : ਪੰਜਾਬ ਵਿਚ ਔਰਤਾਂ ਦੀ ਭਲਾਈ ਲਈ ਲਗਾਏ ਜਾ ਰਹੇ ਕੈਂਪਾਂ ਦੀ ਸ਼ੁਰੂਆਤ ਅੱਜ ਮਲੋਟ ਨੇੜੇ ਦੇ ਪਿੰਡ ਦਾਨੇਵਾਲਾ ਤੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅੱਜਕੱਲ੍ਹ ਔਰਤਾਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ।
ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਲਗਾਏ ਜਾਣ ਵਾਲੇ ਕੈਂਪਾਂ ਦਾ ਮੁੱਖ ਮਕਸਦ ਔਰਤਾਂ ਨੂੰ ਸਿਹਤ ਸੇਵਾਵਾਂ ਮੁਹਈਆ ਕਰਵਾਉਣਾ ਅਤੇ ਔਰਤਾਂ ਲਈ ਰੋਜਗਾਰ ਦਾ ਮੌਕੇ ਮੁਹਈਆ ਕਰਵਾਉਣਾ ਹੈ। ਅੱਜ ਦੇ ਪਹਿਲੇ ਕੈਂਪ ਵਿਚ 500 ਤੋਂ ਵੱਧ ਔਰਤਾਂ ਨੇ ਰਜਿਸਟਰੇਸ਼ਨ ਕਰਵਾਈ। ਇਸ ਕੈਂਪ ਦੌਰਾਨ 209 ਲੜਕੀਆਂ ਨੇ ਪਲੇਸਮੈਂਟ ਕੈਂਪ ਵਿਚ ਭਾਗ ਲਿਆ। ਸੱਤ ਕੰਪਨੀਆਂ ਵਲੋਂ ਮੌਕੇ ‘ਤੇ ਹੀ 134 ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਇਸ ਕੈਂਪ ਵਿਚ ਵੱਖ ਵੱਖ ਵਿਭਾਗਾਂ ਵਲੋਂ ਔਰਤਾਂ ਲਈ ਸਹੂਲਤਾਂ ਮੁਹਈਆ ਕਰਵਾਉਣ ਲਈ ਸਟਾਲਾਂ ਲਗਾਈਆਂ ਗਈਆਂ ਸਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਲਈ ਜਾਗਰੂਕ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਵਲੋਂ 149 ਖਿਡਾਰੀਆਂ ਨੂੰ ਟਰੈਕ ਸੂਟ ਅਤੇ 100 ਲੜਕੀਆਂ ਨੂੰ ਸਕੂਲੀ ਬੈਗ ਵੀ ਵੰਡੇ ਗਏ।