ਚੰਡੀਗੜ੍ਹ, 24 ਦਸੰਬਰ : ਹਰੀ ਕ੍ਰਾਂਤੀ ਵਿਚ ਪੰਜਾਬ ਵਲੋਂ ਮੋਹਰੀ ਭੂਮਿਕਾ ਨਿਭਾਅ ਕੇ ਪੂਰੇ ਦੇਸ਼ ਲਈ ਅਨਾਜ ਦੇ ਢੇਰ ਲਾਉਣ ਪਿਛੋਂ ਹੁਣ ਪੰਜਾਬ ਉਦਯੋਗਿਕ ਖੇਤਰ ਵਿਚ ਵੀ ਨਵੀਆਂ ਪੁਲਾਂਘਾਂ ਪੁੱਟਣ ਲੱਗਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਯਤਨਾਂ ਨਾਲ ਪੰਜਾਬ ਦੇ ਉਦਯੋਗਿਕ ਖੇਤਰ ਵਿਚ 86 ਹਜਾਰ ਕਰੋੜ ਰੁਪਏ ਦੇ ਨਿਵੇਸ਼ ਲਈ ਰਾਹ ਪੱਧਰਾ ਹੋ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ ਦੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿਚ ਉਦਯੋਗਿਕ ਵਿਕਾਸ ਦੇ ਨਾਲ ਨਾਲ ਇਥੋਂ ਦੇ ਤਿੰਨ ਲੱਖ 92 ਹਜਾਰ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ, ਜੋ ਕਿ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ 30 ਮਹੀਨਿਆਂ ਵਿਚ ਪੰਜਾਬ ਸਰਕਾਰ ਵਲੋਂ ਬਣਾਈਆਂ ਨਵੀਆਂ ਉਦਯੋਗਿਕ ਨੀਤੀਆਂ ਕਾਰਨ ਹੁਣ ਟਾਟਾ ਸਟੀਲ, ਸਨਾਤਨ ਟੈਕਸਟਾਈਲ ਅਤੇ ਹੋਰ ਕਈ ਵੱਡੀਆਂ ਕੰਪਨੀਆਂ ਪੰਜਾਬ ਵਿਚ ਕਾਰਖਾਨੇ ਲਗਾਉਣ ਲਈ ਤਿਆਰ ਹੋ ਗਈਆਂ ਹਨ। ਅਗਲੇ ਥੋੜੇ ਸਮੇਂ ਵਿਚ ਹੀ ਇਨ੍ਹਾਂ ਸਾਰੀਆਂ ਵੱਡੀਆਂ ਕੰਪਨੀਆਂ ਵਲੋਂ ਪੰਜਾਬ ਵਿਚ ਉਦਯੋਗ ਸ਼ੁਰੂ ਕਰ ਦਿੱਤੇ ਜਾਣਗੇ। ਪੰਜਾਬ ਸਰਕਾਰ ਵਲੋਂ ਇਨ੍ਹਾਂ ਕੰਪਨੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਕਿਸੇ ਵੀ ਕੰਪਨੀ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਲਾਈਸੰਸਾਂ ਲਈ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਕੋ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜੋ ਵੀ ਕੰਪਨੀ ਪੰਜਾਬ ਵਿਚ ਉਦਯੋਗ ਲਗਾਵੇ, ਉਹ ਪੰਜਾਬ ਦੇ ਨੌਜਵਾਨਾਂ ਨੂੰ ਹੀ ਨੌਕਰੀਆਂ ਦੇਵੇ। ਉਨ੍ਹਾਂ ਨੇ ਦੱਸਿਆ ਕਿ ਸਾਰੀਆਂ ਕੰਪਨੀਆਂ ਵਲੋਂ ਸਰਾਕਾਰ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਨ੍ਹਾਂ ਸਨਅਤੀ ਇਕਾਈਆਂ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਹੀ ਰੋਜ਼ਗਾਰ ਦਿੱਤਾ ਜਾਵੇਗਾ। ਇਸ ਨਾਲ ਜਿਥੇ ਪੰਜਾਬ ਦਾ ਉਦਯੋਗਿਕ ਵਿਕਾਸ ਹੋਵੇਗਾ, ਉਥੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਨਾਲ ਇਥੋਂ ਦੇ ਪਰਿਵਾਰ ਵੀ ਖੁਸ਼ਹਾਲ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਾਰੀਆਂ ਵੱਡੀਆਂ ਕੰਪਨੀਆਂ ਲਈ ਪੰਜਾਬ ਉਦਯੋਗਿਕ ਧੁਰਾ ਬਣ ਜਾਵੇਗਾ। ਇਸ ਧਰਤੀ ਤੋਂ ਪੈਦਾ ਹੋਏ ਪ੍ਰੋਡੱਕਟ ਪੂਰੀ ਦੁਨੀਆਂ ਵਿਚ ਸਪਲਾਈ ਕੀਤੇ ਜਾਣਗੇ।