
ਮਲੋਟ, 23 ਫਰਵਰੀ : ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਮਲੋਟ ਵਿਚ ਤਾਇਨਾਤ ਕਲਰਕ ਸੁਰੇਸ਼ ਕੁਮਾਰ ਨੂੰ ਇਕ ਗਰੀਬ ਵਿਧਵਾ ਪਾਸੋਂ 20 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਲਰਕ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਮਿਸ਼ਨ ਤਹਿਤ ਵਿਧਵਾ ਔਰਤ ਦਾ ਘਰ ਬਣਾਉਣ ਲਈ ਰਕਮ ਮਨਜੂਰ ਕਰਵਾਉਣ ਬਦਲੇ 50 ਹਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਜਦੋਂ ਵਿਧਵਾ ਔਰਤ ਨੇ ਆਪਣੀ ਗਰੀਬੀ ਦਾ ਵਾਸਤਾ ਪਾਇਆ ਤਾਂ ਉਸ ਨੇ ਰਿਸ਼ਵਤ ਦੀ ਰਕਮ ਕਿਸ਼ਤਾਂ ਵਿਚ ਲੈਣਾ ਮੰਨ ਲਿਆ। ਜਦੋਂ ਇਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਤਾਂ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰ ਕੇ ਕਲਰਕ ਸੁਰੇਸ਼ ਕੁਮਾਰ ਨੂੰ 20 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਵਿਜੀਲੈਂਸ ਥਾਣਾ ਬਠਿੰਡਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ।