
ਫਰੀਦਕੋਟ, 23 ਫਰਵਰੀ : ਸਿਹਤ ਵਿਭਾਗ ਫਰੀਦਕੋਟ ਅਤੇ ਫਰੀਦਕੋਟ ਸਾਈਕਲਿੰਗ ਗਰੁੱਪ ਵਲੋਂ ਅੱਜ ਕਰਵਾਏ ਗਏ ਈਟ ਰਾਈਟ ਇੰਡੀਆ ਸਾਈਕਲਥੋਨ ਨੂੰ ਇਥੋਂ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਜਦੋਂ ਅਸੀਂ ਚੰਗਾ ਖਾਣਾ ਖਾਂਦੇ ਹਾਂ ਅਤੇ ਕਸਰਤ ਕਰਦੇ ਹਾਂ ਤਾਂ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਮਨੁੱਖ ਦੀ ਤੰਦਰੁਸਤੀ ਲਈ ਸਾਈਕਲਿੰਗ, ਸੈਰ ਆਦਿ ਬਹੁਤ ਜਰੂਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 28 ਫਰਵਰੀ ਨੂੰ ਬਾਬਾ ਫਰੀਦ ਸਭਿਆਚਾਰਕ ਕੇਂਦਰ ਵਿਖੇ ਈਟ ਰਾਈਟ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਨੁੱਕੜ ਨਾਟਕ, ਸਭਿਆਚਾਰਕ ਪ੍ਰੋਗਰਾਮ, ਪੌਸ਼ਟਿਕ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ ਅਤੇ ਸਕੂਲੀ ਬੱਚਿਆਂ ਦੇ ਪੋਸਟਰ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਹੋਏ।