ਪਟਿਆਲਾ, 2 ਦਸੰਬਰ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਦਫਤਰ ਨਾਭਾ ਵਿਖੇ ਤਾਇਨਾਤ ਜੇ.ਈ. ਨਰਿੰਦਰ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵਾ ਇਨਕਲੇਵ ਨਾਭਾ ਦੇ ਵਾਸੀ ਭੋਲਾ ਚੰਦ ਸਿੰਗਲਾ ਨੇ ਵਿਜੀਲੈਂਸ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਦੇ ਘਰ ਲੱਗੇ ਬਿਜਲੀ ਦੇ ਮੀਟਰ ਦੇ ਲੋਡ ਦਾ ਜੁਰਮਾਨਾ ਪਾ ਦਿੱਤਾ ਗਿਆ ਸੀ। ਇਸ ਜੁਰਮਾਨੇ ਦੇ ਬਕਾਏ ਨੂੰ ਅਡਜਸਟ ਕਰਨ ਲਈ ਜੇ ਈ ਵਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਇਸ ਜੇ ਈ ਨੇ ਪਹਿਲਾਂ 10 ਹਜਾਰ ਰੁਪਏ ਰਿਸ਼ਵਤ ਲੈ ਲਿਆ ਹੈ ਅਤੇ ਹੋਰ ਮੰਗ ਕਰ ਰਿਹਾ ਹੈ। ਇਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਸ਼ਿਕਾਇਤ ਕਰਤਾ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਉਸ ਪਾਸੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਹੈ। ਇਸ ਪਿਛੋਂ ਜੇ ਈ ਖਿਲਾਫ ਵਿਜੀਲੈਂਸ ਥਾਣਾ ਪਟਿਆਲਾ ਵਿਚ ਪਰਚਾ ਦਰਜ ਕਰ ਲਿਆ ਗਿਆ ਹੈ।