ਬੱਲੂਆਣਾ, 5 ਦਸੰਬਰ : ਜਿਲਾ ਫਾਜ਼ਿਲਕਾ ਦੇ ਹਲਕਾ ਬੱਲੂਆਣਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕਰਦਿਆਂ ਕਿਹਾ ਕਿ ਪਿਛਲੇ 77 ਸਾਲਾਂ ਵਿਚ ਇਸ ਇਲਾਕੇ ਨੂੰ ਪਹਿਲਾ ਡਿਗਰੀ ਕਾਲਜ ਮਿਲਿਆ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਿਹਾਤੀ ਹਲਕੇ ਵਿਚ ਪਿਛਲੇ 77 ਸਾਲ ਅਕਾਲੀ ਅਤੇ ਕਾਂਗਰਸੀ ਵੋਟਾਂ ਲੈ ਕੇ ਸੱਤਾ ਦਾ ਨਿੱਘ ਮਾਣਦੇ ਰਹੇ ਹਨ, ਪਰ ਕਿਸੇ ਨੇ ਵੀ ਇਸ ਇਲਾਕੇ ਦੇ ਲੋਕਾਂ ਦੀ ਬਾਤ ਨਹੀਂ ਪੁੱਛੀ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਲੋੜ ਹੈ। ਪਰ ਪਿਛਲੀਆਂ ਸਰਕਾਰਾਂ ਨੇ ਹਮੇਸ਼ਾਂ ਇਸ ਇਲਾਕੇ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਅਤੇ ਇਥੋਂ ਦੇ ਆਮ ਲੋਕਾਂ ਦੀ ਸੁਣੀ ਗਈ ਹੈ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਇਸ ਇਲਾਕੇ ਵਿਚ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਹੋਰ ਵੀ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸ ਨਾਲ ਇਸ ਦਿਹਾਤੀ ਇਲਾਕੇ ਦੀ ਜੂਨ ਵੀ ਸੁਧਰ ਜਾਵੇਗੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਮੁੱਖ ਤਰਜੀਹ ਆਮ ਲੋਕਾਂ ਦਾ ਸਰਵ ਪੱਖੀ ਵਿਕਾਸ ਹੈ ਅਤੇ ਆਮ ਲੋਕਾਂ ਦੇ ਧੀਆਂ ਪੁੱਤਾਂ ਦੀ ਜ਼ਿੰਦਗੀ ਨਿਖਾਰਨਾ ਸਾਡਾ ਮੁੱਖ ਮਕਸਦ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪਿਛਲੇ 32 ਮਹੀਨਿਆਂ ਵਿਚ ਪੰਜਾਬ ਦੇ 50 ਹਜਾਰ ਨੌਜ਼ਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਸਾਡੇ ਇਹ ਯਤਨ ਇਸੇ ਤਰਾਂ ਹੀ ਹਮੇਸ਼ਾਂ ਜਾਰੀ ਰਹਿਣਗੇ ਅਤੇ ਰੰਗਲਾ ਪੰਜਾਬ ਬਣਾਉਣ ਦਾ ਸਿਲਸਾਲ ਜਾਰੀ ਰਹੇਗਾ।