ਬਠਿੰਡਾ ਵਿੱਚ ਜਲਦ ਲਗਾਏ ਜਾਣਗੇ ਤਿੰਨ ਹੋਰ ਸੌਰ ਊਰਜਾ ਪਾਵਰ ਪਲਾਂਟ
ਚੰਡੀਗੜ੍ਹ, 30 ਜੂਨ: ਸੌਰ ਊਰਜਾ ਨੂੰ ਅਪਣਾ ਕੇ ਖੇਤੀਬਾੜੀ ਸੈਕਟਰ ਨੂੰ ਕਾਰਬਨ-ਮੁਕਤ ਕਰਨ ਦੀ ਦਿਸ਼ਾ ਵਿੱਚ ਇਕ ਹੋਰ ਠੋਸ ਕਦਮ ਚੁੱਕਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ 12 ਮੈਗਾਵਾਟ (ਹਰੇਕ ਪਲਾਂਟ 4 ਮੈਗਾਵਾਟ) ਸਮਰੱਥਾ ਦੇ ਤਿੰਨ ਹੋਰ ਸੌਰ ਊਰਜਾ ਪਾਵਰ ਪਲਾਂਟ ਲਗਾਏ ਜਾਣਗੇ।
ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਹਾਲ ਹੀ ਵਿੱਚ ਖੇਤੀਬਾੜੀ ਸਬੰਧੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਠਿੰਡਾ ਦੇ ਪਿੰਡ ਤਰਖਾਣਵਾਲਾ ਵਿਖੇ 4 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਕਾਰਜਸ਼ੀਲ ਕੀਤਾ ਹੈ। ਇਸ ਪ੍ਰਾਜੈਕਟ ਤੋਂ ਪੈਦਾ ਹੋਈ ਬਿਜਲੀ ਪਿੰਡ ਸੇਖੂ ਸਥਿਤ ਪੀ.ਐਸ.ਪੀ.ਸੀ.ਐਲ. ਦੇ ਗਰਿੱਡ/ਸਬ ਸਟੇਸ਼ਨ ਨੂੰ ਸਪਲਾਈ ਕੀਤੀ ਜਾਂਦੀ ਹੈ। ਇਹ ਪ੍ਰਾਜੈਕਟ ਸਾਲਾਨਾ ਲਗਭਗ 6.65 ਮਿਲੀਅਨ ਯੂਨਿਟ ਬਿਜਲੀ ਪੈਦਾ ਕਰੇਗਾ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ 50 ਕਰੋੜ ਦੀ ਲਾਗਤ ਵਾਲੇ 12 ਮੈਗਾਵਾਟ ਸਮਰੱਥਾ ਦੇ ਇਹ ਹੋਰ ਤਿੰਨ ਸੂਰਜੀ ਊਰਜ...








