Thursday, November 19Malwa News
Shadow

ਗਾਇਕ ਰਾਜਵੀਰ ਜਵੰਧਾ ਦੀ ਯਾਦ ‘ਚ 40 ਲੱਖ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ-ਬੀਬੀ ਮਾਣੂੰਕੇ

ਜਗਰਾਉਂ ਇਲਾਕੇ ਦਾ ਨਾਮ ਆਪਣੀ ਬੁਲੰਦ ਅਵਾਜ਼ ਦੇ ਜ਼ਰੀਏ ਦੁਨੀਆਂ ਭਰ ਵਿੱਚ ਰੌਸ਼ਨ ਕਰਨ ਵਾਲੇ ਮਾਣਮੱਤੇ ਮਰਹੂਮ ਲੋਕ ਗਾਇਕ ਰਾਜਵੀਰ ਜਵੰਧਾ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਪਿੰਡ ਪੋਨਾਂ ਤਹਿਸੀਲ ਜਗਰਾਉਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਜਾਵੇਗਾ ਅਤੇ ਲੋਕ ਗਾਇਕ ਰਾਜਵੀਰ ਜਵੰਧਾ ਦਾ ਬੁੱਤ ਵੀ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 10 ਲੱਖ ਰੁਪਏ ਦੀ ਲਾਗਤ ਨਾਲ ਗਾਇਕ ਰਾਜਵੀਰ ਜਵੰਧਾ ਦੀ ਯਾਦ ਵਿੱਚ ‘ਯਾਦਗਾਰੀ ਗੇਟ’ ਬਣਾਇਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਪਿੰਡ ਪੋਨਾਂ ਵਿਖੇ ਲੋਕ ਗਾਇਕ ਰਾਜਵੀਰ ਜਵੰਧਾ ਦੇ ਸਤਿਕਾਰਯੋਗ ਮਾਤਾ ਸਾਬਕਾ ਸਰਪੰਚ ਬੀਬੀ ਪਰਮਜੀਤ ਕੌਰ ਦੇ ਹੱਥੋਂ ਇਹਨਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰਖਵਾਉਣ ਮੌਕੇ ਕੀਤਾ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਪਿੰਡ ਪੋਨਾਂ ਦੇ ਸ਼ਮਸ਼ਾਨਘਾਟ ਵਿਖੇ ਨਵਾਂ ਸ਼ੈਡ ਪਾਉਣ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕ ਗਾਇਕ ਰਾਜਵੀਰ ਜਵੰਧਾ ਦੀ ਯਾਦ ਵਿੱਚ ਬਣਨ ਵਾਲੇ ਪ੍ਰੋਜੈਕਟਾਂ ਦਾ ਕੰਮ ਤੁਰੰਤ ਸ਼ੁਰੂ ਕਰਕੇ ਮੁਕੰਮਲ ਕੀਤਾ ਜਾਵੇ। ਬੀਬੀ ਮਾਣੂੰਕੇ ਨੇ ਇਸ ਮੌਕੇ ਬੋਲਦੇ ਹੋਏ ਆਖਿਆ ਕਿ ਭਰ ਜੁਆਨੀ ਵਿੱਚ ਵਿਛੋੜਾ ਦੇ ਗਏ ਗਾਇਕ ਰਾਜਵੀਰ ਜਵੰਧਾ ਨੇ ਜਗਰਾਉਂ ਇਲਾਕੇ ਦਾ ਨਾਮ ਆਪਣੀ ਮਿੱਠੀ ਅਵਾਜ਼ ਰਾਹੀਂ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ ਅਤੇ ਉਹ ਨੌਜੁਆਨਾਂ ਲਈ ਰਾਹ ਦਿਸੇਰਾ ਸੀ ਤੇ ਉਸਨੇ ਪੰਜਾਬੀ ਸੱਭਿਆਚਾਰਕ ਤੇ ਖਾਸ ਕਰਕੇ ਸਿੱਖ ਪਹਿਰਾਵੇ ਵਾਲੀ ਦਿੱਖ ਨੂੰ ਦੁਨੀਆਂ ਭਰ ਵਿੱਚ ਸਤਿਕਾਰ ਦਿਵਾਇਆ। ਉਹਨਾਂ ਕਿਹਾ ਕਿ ਰਾਜਵੀਰ ਜਵੰਧਾ ਦੇ ਭਰ ਜੁਆਨੀ ਵਿੱਚ ਪਏ ਵਿਛੋੜੇ ਨੇ ਜਿੱਥੇ ਪਰਿਵਾਰ ਤੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉਥੇ ਹੀ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਰਾਜਵੀਰ ਜਵੰਧਾ ਦੀਆਂ ਯਾਦਗਾਰਾਂ ਬਨਾਉਣ ਲਈ ਨੀਂਹ ਪੱਥਰ ਵੀ ਭਰੇ ਮਨ ਤੇ ਦੁੱਖ ਨਾਲ ਰੱਖਣੇ ਪੈ ਰਹੇ ਨੇ, ਤਾਂ ਜੋ ਨੌਜੁਆਨਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਲੋਕ ਗਾਇਕ ਰਾਜਵੀਰ ਜਵੰਧਾ ਦੀ ਯਾਦ ਲੋਕਾਂ ਦੇ ਚੇਤਿਆਂ ਵਿੱਚੋਂ ਨਾ ਵਿਸਰੇ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਹੋਰ ਦੱਸਿਆ ਕਿ ਮਰਹੂਮ ਗਾਇਕ ਰਾਜਵੀਰ ਜਵੰਧਾ ਦੇ ਪਿੰਡ ਪੋਨਾਂ ਨੂੰ ਸੋਹਣਾ ਬਨਾਉਣ ਲਈ 18 ਫੁੱਟ ਚੌੜੀ ਨਵੀਂ ਸੜਕ ਬਣਾ ਦਿੱਤੀ ਗਈ ਹੈ, ਪਿੰਡ ਦੀਆਂ ਸਾਰੀਆਂ ਗਲੀਆਂ ਪੱਕੀਆਂ ਹੋ ਗਈਆਂ ਹਨ ਅਤੇ ਸਟਰੀਟ ਲਾਈਟਾਂ ਵੀ ਲੱਗ ਚੁੱਕੀਆਂ ਹਨ। ਉਹਨਾਂ ਆਖਿਆ ਕਿ ਸਾਡੇ ਪਿਆਰੇ ਰਾਜਵੀਰ ਜਵੰਧਾ ਦੀ ਯਾਦ ਵਿੱਚ ਉਹਨਾਂ ਦਾ ਪਿੰਡ ਇਲਾਕੇ ਦਾ ਸੋਹਣਾ ਪਿੰਡ ਬਣਾਇਆ ਜਾਵੇਗਾ। ਮਰਹੂਮ ਲੋਕ ਗਾਇਕ ਰਾਜਵੀਰ ਜਵੰਧਾ ਦੇ ਮਾਤਾ ਸਾਬਕਾ ਸਰਪੰਚ ਬੀਬੀ ਪਰਮਜੀਤ ਕੌਰ ਨੇ ਭਾਵੁਕ ਹੁੰਦਿਆਂ ਭਰੇ ਮਨ ਨਾਲ ਆਖਿਆ ਕਿ ਰਾਜਵੀਰ ਦੇ ਮਿੱਠੇ ਸੁਭਾਅ ਤੇ ਗਾਇਕੀ ਨੇ ਉਸ ਨੂੰ, ਪੂਰੇ ਪਰਿਵਾਰ ਨੂੰ ਅਤੇ ਪਿੰਡ ਪੋਨਾਂ ਨੂੰ ਬਹੁਤ ਮਾਣ ਦਿਵਾਇਆ ਹੈ। ਉਹਨਾਂ ਦੀ ਯਾਦ ਵਿੱਚ ਖੇਡ ਸਟੇਡੀਅਮ ਅਤੇ ਗੇਟ ਬਨਾਉਣ ਦੀ ਸ਼ੁਰੂਆਤ ਕਰਨ ਲਈ ਉਹ ਪੰਜਾਬ ਸਰਕਾਰ ਅਤੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੁੰਕੇ ਦਾ ਧੰਨਵਾਦੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਪੋਨਾਂ, ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕੁਲਵਿੰਦਰ ਸਿੰਘ ‘ਕਾਲਾ ਝੱਜ’, ਅਮਰਦੀਪ ਸਿੰਘ ਟੂਰੇ, ਅਮ੍ਰਿਤ ਲਾਲ ਪੰਚ, ਗੁਰਵਿੰਦਰ ਸਿੰਘ ਪੰਚ, ਜਗਮੇਲ ਸਿੰਘ ਪੰਚ, ਸਤਨਾਮ ਸਿੰਘ ਪੰਚ, ਬੀਬੀ ਸਹਿਨਾਜ਼ ਪੰਚ, ਪਵਨਜੀਤ ਕੌਰ ਪੰਚ, ਕਿਰਨਦੀਪ ਕੌਰ ਪੰਚ, ਲਾਡੀ ਸ਼ੇਰਪੁਰ, ਸੋਹਣ ਸਿੰਘ ਸ਼ੇਰਪੁਰ, ਸੈਕਟਰੀ ਬਲਵੰਤ ਸਿੰਘ, ਸਰਪੰਚ ਹਰਦੀਪ ਸਿੰਘ ਬਰਸਾਲ, ਦੀਪ ਬਰਸਾਲ, ਬਹਾਦੁਰਵੀਰ ਸਿੰਘ ਜੇਈ ਆਦਿ ਵੀ ਹਾਜ਼ਰ ਸਨ।