ਚੰਡੀਗੜ੍ਹ: ਪੰਜਾਬੀ ਪਹਿਚਾਣ ਅਤੇ ਸਿੱਖੀ ਦੀ ਸ਼ਾਨ ਨੂੰ ਦੁਨੀਆ ਦੇ ਵੱਖ-ਵੱਖ ਮੰਚਾਂ ‘ਤੇ ਪਹੁੰਚਾਉਣ ਵਾਲੇ ਲੋਕਾਂ ਦੀ ਸੂਚੀ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ। ਉਹ ਹੈ ਸਿੱਖ ਮਾਡਲ ਨਵਜੋਤ ਖਾਲਸਾ, ਜਿੰਨ੍ਹਾਂ ਨੇ ਕੈਨੇਡਾ ਦੇ ਟੋਰਾਂਟੋ ਵਿੱਚ ਹੋਏ ਇੱਕ ਫੈਸ਼ਨ ਸ਼ੋਅ ਦੌਰਾਨ ਪੱਗ ਬੰਨ੍ਹ ਕੇ ਰੈਂਪ ਵਾਕ ਕੀਤੀ। ਉਨ੍ਹਾਂ ਦੀ ਇਸ ਖ਼ਾਸ ਪੇਸ਼ਕਾਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਲੋਕ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ।
ਨਵਜੋਤ ਖਾਲਸਾ ਨੇ ਫੈਸ਼ਨ ਸ਼ੋਅ ਦੌਰਾਨ ਰਿਵਾਇਤੀ ਪੱਗ ਦੇ ਨਾਲ ਖ਼ਾਸ ਡਿਜ਼ਾਈਨ ਵਾਲੀ ਪੋਸ਼ਾਕ ਪਹਿਨੀ ਹੋਈ ਸੀ। ਉਨ੍ਹਾਂ ਦਾ ਇਹ ਅੰਦਾਜ਼ ਫੈਸ਼ਨ ਅਤੇ ਆਪਣੀ ਸੱਭਿਆਚਾਰਕ ਪਹਿਚਾਣ ਦੇ ਸੁਮੇਲ ਦੀ ਖ਼ੂਬਸੂਰਤ ਮਿਸਾਲ ਬਣਿਆ। ਰੈਂਪ ‘ਤੇ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਪੱਗ ਨਾਲ ਪੇਸ਼ਕਾਰੀ ਖ਼ਾਸ ਧਿਆਨ ਖਿੱਚਦੀ ਨਜ਼ਰ ਆਈ।
ਮਾਡਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਫੈਸ਼ਨ ਸ਼ੋਅ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਅਜੇ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ ਅਤੇ ਇਹ ਸਿਰਫ਼ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਇਸ ਮੁਕਾਮ ਤੱਕ ਪਹੁੰਚੇਗੀ, ਪਰ ਉਸਨੇ ਆਪਣੇ ਵਿਸ਼ਵਾਸ ਅਤੇ ਮਿਹਨਤ ਸਦਕਾ ਇਹ ਸੁਪਨਾ ਪੂਰਾ ਕੀਤਾ ਹੈ।
ਨਵਜੋਤ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਦੁਨੀਆ ਦੇ ਕਿਸੇ ਵੀ ਮੰਚ ‘ਤੇ ਆਪਣੀ ਪਹਿਚਾਣ, ਇਤਿਹਾਸ ਅਤੇ ਵਿਸ਼ਵਾਸ ਨੂੰ ਨਾਲ ਲੈ ਕੇ ਮਜ਼ਬੂਤੀ ਨਾਲ ਖੜ੍ਹਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਮੌਕੇ ਲਈ ਡਿਜ਼ਾਈਨਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਨਵਜੋਤ ਦੀ ਇਸ ਪੇਸ਼ਕਾਰੀ ਨੂੰ ਸਿਰਫ਼ ਫੈਸ਼ਨ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾ ਰਿਹਾ, ਸਗੋਂ ਇਹ ਆਪਣੀ ਪਹਿਚਾਣ ਅਤੇ ਸੱਭਿਆਚਾਰ ‘ਤੇ ਮਾਣ ਕਰਨ ਦਾ ਵੀ ਇੱਕ ਸੁਨੇਹਾ ਦਿੰਦੀ ਹੈ। ਪੱਗ ਨੂੰ ਮਾਣ ਨਾਲ ਸਜਾ ਕੇ ਅੰਤਰਰਾਸ਼ਟਰੀ ਫੈਸ਼ਨ ਮੰਚ ‘ਤੇ ਪਹੁੰਚਣਾ ਨਵਜੋਤ ਲਈ ਇੱਕ ਖ਼ਾਸ ਪ੍ਰਾਪਤੀ ਹੈ। ਨਵਜੋਤ ਦੁਆਰਾ ਸਾਂਝੀਆਂ ਕੀਤੀਆਂ ਤਸਵੀਰਾਂ ਉਤੇ ਕਾਫੀ ਸ਼ਾਨਦਾਰ ਕੁਮੈਂਟ ਆ ਰਹੇ ਹਨ, ਲੋਕ ਉਨ੍ਹਾਂ ਦੇ ਇਸ ਲੁੱਕ ਦੀ ਕਾਫੀ ਤਾਰੀਫ਼ ਕਰ ਰਹੇ ਹਨ।