Saturday, March 22Malwa News
Shadow

ਸਕੂਲਾਂ ਦਾ ਪ੍ਰਬੰਧ ਸੁਧਾਰਨ ਲਈ 19 ਹਜਾਰ ਸਕੂਲਾਂ ‘ਚ ਮੀਟਿੰਗਾਂ

ਚੰਡੀਗੜ੍ਹ, 11 ਫਰਵਰੀ : ਪੰਜਾਬ ਦੇ ਸਕੂਲਾਂ ਦੀ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਲੋਕਤੰਤਰ ਨੂੰ ਹੋਰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਰਾਜ ਭਰ ਦੇ ਸਾਰੇ 19,110 ਸਰਕਾਰੀ ਸਕੂਲਾਂ ਵਿੱਚ ਮੈਗਾ ਸਕੂਲ ਮੈਨੇਜਮੈਂਟ ਕਮੇਟੀ (ਐੱਸਐੱਮਸੀ) ਦੀ ਮੀਟਿੰਗ ਆਯੋਜਿਤ ਕੀਤੀ, ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਪ੍ਰਤੀਨਿਧੀਆਂ ਨੂੰ ਸਕੂਲਾਂ ਦੇ ਪ੍ਰਬੰਧਨ ਨਾਲ ਸਬੰਧਿਤ ਫੈਸਲੇ ਲੈਣ ਵਿੱਚ ਸਿੱਧੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।
ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਾਰ ਮੈਗਾ ਐੱਸਐੱਮਸੀ ਮੀਟਿੰਗ ਸਕੂਲ ਪਰਿਸਰਾਂ ਵਿੱਚ ਸਫਾਈ ‘ਤੇ ਕੇਂਦਰਿਤ ਸੀ। ਇਸ ਦੌਰਾਨ ਐੱਸਐੱਮਸੀ ਮੈਂਬਰ ਅਤੇ ਮਾਪਿਆਂ ਨੇ ਸਫਾਈ ਦਾ ਮੁਲਾਂਕਣ ਕਰਨ, ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਸਥਾਨਕ ਹੱਲ ਸਾਂਝੇ ਕਰਨ ਲਈ ਆਪਣੇ-ਆਪਣੇ ਸਕੂਲਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਇੱਕ ਸਿਹਤਮੰਦ ਅਤੇ ਵਧੇਰੇ ਅਨੁਕੂਲ ਸਿੱਖਣ ਦਾ ਮਾਹੌਲ ਸਿਰਜਣ ਦੇ ਉਦੇਸ਼ ਨਾਲ ਸੁੰਦਰੀਕਰਨ ਦੇ ਯਤਨਾਂ ਅਤੇ ਦੀਰਘਕਾਲੀ ਰੱਖ-ਰਖਾਅ ਨਾਲ ਸਬੰਧਿਤ ਯੋਜਨਾਵਾਂ ‘ਤੇ ਵੀ ਚਰਚਾ ਕੀਤੀ।
ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਅੱਜ ਦੀ ਚਰਚਾ ਦਾ ਕੇਂਦਰ “ਸਕੂਲ ਦਾ ਬਦਲਾਅ, ਐੱਸਐੱਮਸੀ ਦੇ ਨਾਲ” ਸੀ। ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਸਮੂਹਿਕ ਯਤਨਾਂ ਨਾਲ ਹੀ ਸੰਭਵ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਐੱਸਐੱਮਸੀ ਮੈਂਬਰਾਂ ਨੇ ਸਕੂਲ ਦੇ ਬੁਨਿਆਦੀ ਢਾਂਚੇ, ਵਿਦਿਆਰਥੀਆਂ ਦੀ ਭਲਾਈ ਅਤੇ ਵਿਦਿਅਕ ਤਰੱਕੀ ਨੂੰ ਹੋਰ ਬਿਹਤਰ ਬਣਾਉਣ ਨਾਲ ਸਬੰਧਿਤ ਚਰਚਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਿਚਾਰ-ਵਟਾਂਦਰਾ ਕੀਤਾ। ਸ. ਹਰਜੋਤ ਸਿੰਘ ਬੈਂਸ ਨੇ ਇਸ ਮੀਟਿੰਗ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਸਕੂਲ ਮੁਖੀਆਂ ਅਤੇ ਸਟਾਫ ਦੀ ਪ੍ਰਸ਼ੰਸਾ ਕੀਤੀ। ਨਾਲ ਹੀ, ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦੇਸ਼ ਦੀ ਸਰਵੋਤਮ ਸਿੱਖਿਆ ਪ੍ਰਣਾਲੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ।
ਉਨ੍ਹਾਂ ਕਿਹਾ ਕਿ ਅੱਜ ਦੀ ਮੈਗਾ ਐੱਸਐੱਮਸੀ ਮੀਟਿੰਗ ਸਕੂਲ ਪ੍ਰਸ਼ਾਸਨ ਵਿੱਚ ਹੋਰ ਬਦਲਾਅ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ, ਜਿਸ ਨਾਲ ਵਿਦਿਅਕ ਮਾਹੌਲ ਦੇ ਵੱਖ-ਵੱਖ ਪਹਿਲੂਆਂ ਵਿੱਚ ਹੋਰ ਸੁਧਾਰ ਹੋਵੇਗਾ। ਇਸ ਪਹਿਲ ਦਾ ਉਦੇਸ਼ ਮਾਪਿਆਂ, ਭਾਈਚਾਰੇ ਦੇ ਪ੍ਰਤੀਨਿਧੀਆਂ ਅਤੇ ਸਕੂਲ ਸਟਾਫ ਵਿਚਕਾਰ ਸਹਿਯੋਗ ਨੂੰ ਵਧਾਉਣਾ ਹੈ, ਜੋ ਪੰਜਾਬ ਵਿੱਚ ਇੱਕ ਵਧੇਰੇ ਪ੍ਰਭਾਵਸ਼ਾਲੀ ਅਤੇ ਸਮੁੱਚੇ ਵਿਕਾਸ ਵਾਲੀ ਸਿੱਖਿਆ ਪ੍ਰਣਾਲੀ ਦੇ ਮੁੱਖ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸਮੂਹਿਕ ਜ਼ਿੰਮੇਵਾਰੀ ਅਤੇ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ, ਇਹ ਮੀਟਿੰਗ ਸਕਾਰਾਤਮਕ ਬਦਲਾਅ ਲਿਆਏਗੀ ਜਿਸ ਨਾਲ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ।

Basmati Rice Advertisment