
ਪਟਿਆਲਾ, 11 ਫਰਵਰੀ : ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਆਈਏ ਸਟਾਫ ਨੇ 11 ਫਰਵਰੀ ਨੂੰ ਕੀਤੀ ਇਸ ਕਾਰਵਾਈ ਵਿੱਚ ਮੁਲਜ਼ਮਾਂ ਤੋਂ ਕੁੱਲ 4 ਪਿਸਤੌਲ, ਇੱਕ ਦੇਸੀ ਕੱਟਾ ਅਤੇ 21 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਐੱਸਐੱਸਪੀ ਡਾ. ਨਾਨਕ ਸਿੰਘ ਦੇ ਮੁਤਾਬਕ, ਪਹਿਲਾ ਮੁਲਜ਼ਮ ਦਿਲਦਾਰ ਖਾਨ ਉਰਫ ਦਿੱਲਾ ਹੈ, ਜੋ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੀਪਕ ਬਨੂੜ ਦੇ ਗੈਂਗ ਨਾਲ ਜੁੜਿਆ ਸੀ। ਉਸਨੂੰ ਅਬਚਲ ਨਗਰ ਫੋਕਲ ਪੁਆਇੰਟ ਏਰੀਏ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਦੋ ਪਿਸਤੌਲ ਅਤੇ ਅੱਠ ਕਾਰਤੂਸ ਬਰਾਮਦ ਹੋਏ। ਦੂਜਾ ਮੁਲਜ਼ਮ ਕੁਲਵਿੰਦਰ ਸਿੰਘ ਉਰਫ ਮੋਫਰ ਹੈ, ਜਿਸਨੂੰ ਡੀਸੀਡਬਲਯੂ ਪੁਲ ਦੇ ਹੇਠੋਂ ਫੜਿਆ ਗਿਆ।
ਉਸ ਕੋਲੋਂ 32 ਬੋਰ ਦੀਆਂ ਦੋ ਪਿਸਤੌਲਾਂ ਅਤੇ ਦਸ ਕਾਰਤੂਸ ਮਿਲੇ। ਤੀਜਾ ਮੁਲਜ਼ਮ ਮਨਿੰਦਰ ਸਿੰਘ ਲੱਡੂ ਹੈ, ਜਿਸਨੂੰ ਸਨੌਰ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਹੋਏ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਿਲਦਾਰ ਖਾਨ ‘ਤੇ ਪਹਿਲਾਂ ਤੋਂ ਨਸ਼ਾ ਤਸਕਰੀ ਅਤੇ ਜਾਨਲੇਵਾ ਹਮਲੇ ਦੇ ਤਿੰਨ ਮਾਮਲੇ ਦਰਜ ਹਨ। ਉੱਥੇ ਹੀ ਕੁਲਵਿੰਦਰ ਸਿੰਘ ਦੇ ਖਿਲਾਫ ਖਰੜ ਅਤੇ ਪਟਿਆਲਾ ਵਿੱਚ ਤਿੰਨ ਵੱਖ-ਵੱਖ ਮਾਮਲੇ ਦਰਜ ਹਨ। ਦੋਵਾਂ ਮੁਲਜ਼ਮਾਂ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਣਕਾਰੀ ਲਈ ਪੁਲਿਸ ਰਿਮਾਂਡ ‘ਤੇ ਪੁੱਛਗਿੱਛ ਕੀਤੀ ਜਾਵੇਗੀ। ਇਹ ਕਾਰਵਾਈ ਐੱਸਪੀ ਡੀ ਯੋਗੇਸ਼ ਸ਼ਰਮਾ ਦੀ ਨਿਗਰਾਨੀ ਹੇਠ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ ਹੈ।