
ਚੰਡੀਗੜ੍ਹ, 11 ਫਰਵਰੀ : ਭਾਜਪਾ ਨੇਤਾ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਦਿੱਤੇ ਬਿਆਨ ‘ਤੇ ਆਮ ਆਦਮੀ ਪਾਰਟੀ (ਆਪ) ਨੇ ਪਲਟਵਾਰ ਕੀਤਾ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਭਗਵੰਤ ਮਾਨ ਦੀ ਚਿੰਤਾ ਛੱਡ ਕੇ ਆਪਣੀ ਚਿੰਤਾ ਕਰਨੀ ਚਾਹੀਦੀ ਹੈ। ਜਿਸਦਾ ਖੁਦ ਦਾ ਭਵਿੱਖ ਹਨੇਰੇ ‘ਚ ਹੋਵੇ ਉਸਨੂੰ ਦੂਜਿਆਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ।
ਨੀਲ ਗਰਗ ਨੇ ਕਿਹਾ ਕਿ ਸੁਨੀਲ ਜਾਖੜ ਦਾ ਹਾਲ ‘ਨਾ ਘਰ ਦਾ ਨਾ ਘਾਟ ਦਾ’ ਵਾਲਾ ਹੋ ਗਿਆ ਹੈ। ਭਾਜਪਾ ਵਿੱਚ ਉਨ੍ਹਾਂ ਨੂੰ ਕੋਈ ਪੁੱਛ ਨਹੀਂ ਰਿਹਾ ਹੈ। ਪਾਰਟੀ ਮੀਟਿੰਗ ਵਿੱਚ ਵੀ ਉਨ੍ਹਾਂ ਨੂੰ ਨਹੀਂ ਬੁਲਾਇਆ ਜਾਂਦਾ, ਇਸ ਲਈ ਉਹ ਬੇਚੈਨ ਹੋ ਗਏ ਹਨ। ਉਨ੍ਹਾਂ ਨੇ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜੋ ਹੁਣ ਮਨਜ਼ੂਰ ਵੀ ਹੋ ਗਿਆ ਹੈ। ਫਿਰ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਦੇ ਸਾਹਮਣੇ ਬਹੁਤ ਨੱਕ ਰਗੜਿਆ ਤਦ ਜਾ ਕੇ ਉਨ੍ਹਾਂ ਦਾ ਅਸਤੀਫ਼ਾ ਵਾਪਸ ਹੋਇਆ।
ਨੀਲ ਗਰਗ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਵੱਡੇ ਫ਼ੈਸਲੇ ਲੈ ਰਹੇ ਹਨ। ਉਹ ਪੰਜਾਬ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਲੋਕਪ੍ਰਿਯ ਮੁੱਖ ਮੰਤਰੀ ਹਨ। ਇਸ ਲਈ ਜਾਖੜ ਭਗਵੰਤ ਮਾਨ ਦੀ ਚਿੰਤਾ ਨਾ ਕਰਨ, ਆਪਣੀ ਚਿੰਤਾ ਕਰਨ ਕਿ ਉਨ੍ਹਾਂ ਦੀ ਪਾਰਟੀ ਵਿੱਚ ਉਨ੍ਹਾਂ ਦੀ ਕੀ ਸਥਿਤੀ ਹੋਣ ਵਾਲੀ ਹੈ। ਭਗਵੰਤ ਮਾਨ ਦੇ ਨਾਲ ਤਿੰਨ ਕਰੋੜ ਪੰਜਾਬੀ ਖੜ੍ਹੇ ਹਨ। ਗਰਗ ਨੇ ਕਿਹਾ ਕਿ ਜਾਖੜ ਕੁਝ ਵੀ ਕਰ ਲੈਣ ਪਰ ਉਨ੍ਹਾਂ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਨਹੀਂ ਹੋਣ ਵਾਲਾ ਹੈ। ਉਨ੍ਹਾਂ ਦਾ ਇਹ ਸੁਪਨਾ ਨਾ ਕਾਂਗਰਸ ਵਿੱਚ ਪੂਰਾ ਹੋਇਆ ਅਤੇ ਨਾ ਹੀ ਭਾਜਪਾ ਵਿੱਚ ਪੂਰਾ ਹੋਣ ਵਾਲਾ ਹੈ। ਉਹ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦੇ ਚਾਹੇ ਕਿਸੇ ਵੀ ਪਾਰਟੀ ਵਿੱਚ ਚਲੇ ਜਾਣ।