
ਲੁਧਿਆਣਾ, 11 ਫਰਵਰੀ : ਪੁਲਿਸ ਨੇ ਤੀਹ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਜ਼ਦੀਕੀ ਰਾਜੀਵ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਇਕ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਫੜਿਆ ਗਿਆ ਸੀ। ਉਨ੍ਹਾਂ ਨੇ ਰਾਜੀਵ ਰਾਜਾ ਦਾ ਨਾਮ ਲਿਆ। ਇਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ। ਲੁਧਿਆਣਾ ਪੁਲਿਸ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਖਾਸਮਖਾਸ ਰਾਜੀਵ ਰਾਜਾ ਨੂੰ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੇ ਇਸ ਐਕਸ਼ਨ ਤੋਂ ਰਵਨੀਤ ਬਿੱਟੂ ਭੜਕ ਗਏ ਹਨ ਅਤੇ ਸੰਸਦ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਵਿੱਚ ਸੀਐਮ ਨਿਵਾਸ ਦੇ ਬਾਹਰ ਪਹੁੰਚ ਕੇ ਖੁਦ ਗ੍ਰਿਫਤਾਰੀ ਦੇਣ ਦੀ ਧਮਕੀ ਤਕ ਦੇ ਦਿੱਤੀ ਹੈ।
ਬਿੱਟੂ ਦਾ ਤਰਕ ਹੈ ਕਿ ਦਿੱਲੀ ਵਿੱਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ। ਇਸਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਮਾਲ ਐਨਕਲੇਵ ਨਿਵਾਸੀ ਰਵੀਸ਼ ਗੁਪਤਾ ਨੇ ਤੀਹ ਲੱਖ ਰੁਪਏ ਦੀ ਰੰਗਦਾਰੀ ਮੰਗਣ ‘ਤੇ ਪੁਲਿਸ ਵਿੱਚ ਐਕਸ਼ਨ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਤਿੰਨ ਲੋਕਾਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਵਿੱਚ ਰਾਜੀਵ ਰਾਜਾ ਦਾ ਨਾਮ ਸਾਹਮਣੇ ਆਇਆ। ਉਨ੍ਹਾਂ ਦੇ ਮੋਬਾਈਲ ਵਿੱਚ ਰਾਜੀਵ ਰਾਜਾ ਦੀ ਕਾਲ ਡਿਟੇਲ ਸਾਹਮਣੇ ਆਈਆਂ। ਇਸ ‘ਤੇ ਪੁਲਿਸ ਨੇ ਰਾਜੀਵ ਰਾਜਾ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਪਾ ਦਿੱਤੀ। ਰਾਜਾ ਦਾ ਨਾਮ ਰੰਗਦਾਰੀ ਮੰਗਣ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀਆਂ ਦੀ ਵੱਲੋਂ ਮਾਮਲੇ ਵਿੱਚ ਕੁਝ ਕਹਿਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਇੱਕ ਕਾਰੋਬਾਰੀ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ। ਇਸ ਵਿੱਚ ਤੀਹ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਰਕਮ ਨਾ ਦੇਣ ‘ਤੇ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ‘ਤੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਅਗਿਆਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਏਡੀਸੀਪੀ ਕ੍ਰਾਈਮ ਅਮਨਦੀਪ ਬਰਾੜ ਦਾ ਕਹਿਣਾ ਹੈ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਰਾਜੀਵ ਰਾਜਾ ਦੀ ਕੀ ਭੂਮਿਕਾ ਹੈ। ਇਸ ਸਬੰਧ ਵਿੱਚ ਸਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ।