
ਚੰਡੀਗੜ੍ਹ, 23 ਜਨਵਰੀ : ਪੰਜਾਬ ਦੇ ਕਮਜ਼ੋਰ ਤੇ ਪੱਛੜੇ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ ਵੱਖ ਜਿਲਿਆਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਮੁਹਈਆ ਕਰਵਾਈ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੱਛੜੀਆਂ ਸ੍ਰੇਣੀਆਂ ਭੋੱ ਵਿਕਾਸ ਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਚੇਅਰਮੈਨ ਸੰਦੀਪ ਸੈਣੀ ਨੇ ਦੱਸਿਆ ਕਿ ਸਰਕਾਰ ਵਲੋਂ ਪੰਜਾਬ ਵਿਚਲੇ ਪੱਛੜੀਆਂ ਸ੍ਰੇਣੀਆਂ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਪਰ ਇਨ੍ਹਾਂ ਕਮਜ਼ੋਰ ਵਰਗਾਂ ਕੋਲ ਸਾਧਨਾਂ ਅਤੇ ਜਾਣਕਾਰੀ ਦੀ ਘਾਟ ਕਾਰਨ ਉਹ ਲੋਕ ਸਰਕਾਰ ਦੀਆਂ ਯੋਜਨਾਵਾਂ ਦਾ ਪੂਰਾ ਲਾਹਾ ਨਹੀਂ ਲੈ ਸਕਦੇ। ਇਸ ਲਈ ਹੁਣ ਸਰਕਾਰ ਵਲੋਂ ਇਨ੍ਹਾਂ ਸਕੀਮਾਂ ਬਾਰੇ ਹਰ ਵਿਅਕਤੀ ਨੂੰ ਜਾਣੂ ਕਰਵਾਉਣ ਲਈ ਹਰ ਜਿਲੇ ਵਿਚ ਜਾਗਰੂਕਤਾ ਕੈਂਪ ਲਾਏ ਜਾਣ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਸਵੈ ਰੋਜ਼ਗਾਰ ਸਕੀਮ ਰਾਹੀਂ ਇਨ੍ਹਾਂ ਵਰਗਾਂ ਦੇ ਨੌਜਵਾਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਕੀਮ ਅਧੀਨ ਸਿੱਧਾ ਕਰਜਾ ਸਕੀਮ, ਐਨ ਬੀ ਸੀ ਸਕੀਮ ਅਤੇ ਐਨ ਐਮ ਡੀ ਸਕੀਮ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਸ਼ੁਰੂ ਕਰਨ ਲਈ ਸਹਾਇਤਾ ਕੀਤੀ ਜਾਂਦੀ ਹੈ।
ਸ੍ਰੀ ਸੈਣੀ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਰੋਪੜ, ਅੰਮ੍ਰਿਤਸਰ ਅਤੇ ਮੋਹਾਲੀ ਜਿਲਿਆਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਹੁਣ ਲੁਧਿਆਣਾ ਵਿਚ 24 ਜਨਵਰੀ ਨੂੰ, ਪਟਿਆਲਾ ਵਿਚ 29 ਜਨਵਰੀ ਨੂੰ, ਫਿਰੋਜ਼ਪੁਰ ਵਿਚ 30 ਜਨਵਰੀ ਨੂੰ, ਸੰਗਰੂਰ ਵਿਚ 31 ਜਨਵਰੀ ਨੂੰ ਅਤੇ ਬਠਿੰਡਾ ਵਿਚ 7 ਫਰਵਰੀ ਨੂੰ ਕੈਂਪ ਲਗਾਏ ਜਾ ਰਹੇ ਹਨ।