
ਚੰਡੀਗੜ੍ਹ, 15 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਵਿਖੇ ਸ਼ਾਹੀ ਇਮਾਰਤਸਾਜ਼ੀ ਦੇ ਵੱਡੇ ਨਮੂਨੇ ਵਜੋਂ ਸਥਾਪਿਤ ਕੀਤੇ ਗਏ ਪੰਜਾਬ ਦੇ ਪਹਿਲੇ ਬੁਟੀਕ ਹੋਟਲ ‘ਰਨ ਬਾਸ ਦ ਪੈਲੇਸ’ ਦਾ ਅੱਜ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵਿਰਸਤ ਸਾਂਭਣ ਲਈ ਇਹ ਵੱਡਾ ਪ੍ਰੋਜੈਕਟ ਹਨ, ਜਿਥੇ ਪੰਜਾਬ ਦੀ ਇਮਾਰਤਸਾਜ਼ੀ ਦੇ ਨਾਲ ਨਾਲ ਪੰਜਾਬ ਦੀ ਪ੍ਰਾਹੁਣਚਾਰੀ ਅਤੇ ਪੰਜਾਬੀ ਖਾਣੇ ਦੇ ਨਮੂਨੇ ਵੀ ਉਪਲਭਦ ਹੋਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਇੰਨੀਆਂ ਸੋਹਣੀਆਂ ਸੋਹਣੀਆਂ ਥਾਵਾਂ ਹਨ, ਜਿਨ੍ਹਾਂ ਨੂੰ ਵਿਕਸਿਤ ਕਰਕੇ ਪੰਜਾਬ ਦੀ ਸ਼ਾਨ ਵੀ ਵਧਾਈ ਜਾ ਸਕਦੀ ਹੈ ਅਤੇ ਪੰਜਾਬ ਦੇ ਖਜਾਨੇ ਵਿਚ ਵੀ ਵੱਡਾ ਹਿੱਸਾ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਤੋਂ ਪਹਿਲਾਂ ਜਿਲਾ ਹੁਸ਼ਿਆਰਪੁਰ ਜਿਲੇ ਵਿਚ ਚੌਹਾਲ ਵਿਖੇ ਵੀ ਜੰਗਲਾਤ ਵਿਭਾਗ ਦੇ ਇਕ ਰਿਜ਼ੌਰਟ ਨੂੰ ਵਿਕਸਤ ਕੀਤਾ, ਜੋ ਪੰਜਾਬ ਦੇ ਸੈਰ ਸਪਾਟੇ ਲਈ ਨਵੀਂ ਮਿਸਾਲ ਪੈਦਾ ਹੋਈ ਹੈ। ਇਸੇ ਤਰਾਂ ਹੀ ਅੰਮ੍ਰਿਤਸਰ ਵਿਖੇ ਤਾਜ ਹੋਟਲ ਨਾਲ ਵੀ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਰੈਸਟ ਹਾਊਸ ਪਏ ਹਨ, ਜਿਨ੍ਹਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਈ ਰੈਸਟ ਹਾਊਸ ਤਾਂ ਵੇਚ ਹੀ ਦਿੱਤੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੀਜਾਂ ਵੇਚੀਆਂ ਨਹੀਂ ਜਾਂਦੀਆਂ ਸਗੋਂ ਖਰੀਦੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਸਾਰੀਆਂ ਵਿਰਾਸਤੀ ਥਾਵਾਂ ਨੂੰ ਵਿਕਸਤ ਕਰਕੇ ਪੰਜਾਬ ਵਿਚ ਵੀ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਪਟਿਆਲਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਣਵਾਸ ਹੋਟਲ ਇਸ ਇਲਾਕੇ ਲਈ ਬਹੁਤ ਵੱਡੀ ਸ਼ਾਨ ਬਣੇਗੀ। ਉਨ੍ਹਾਂ ਨੇ ਰਣਵਾਸ ਹੋਟਲ ਦੇ ਨਾਮ ਬਾਰੇ ਦੱਸਿਆ ਕਿ ਇਹ ਰਾਣੀਆਂ ਦਾ ਵਾਸ ਸੀ, ਜਿਸ ਨੂੰ ਹੁਣ ਹੋਟਲ ਦਾ ਰੂਪ ਦਿੱਤਾ ਗਿਆ ਹੈ। ਰਾਜਸਥਾਨ ਵਿਚ ਬਹੁਤ ਸਾਰੇ ਪੁਰਾਣੇ ਕਿਲਿਆਂ ਨੂੰ 5 ਸਟਾਰ ਹੋਟਲਾਂ ਵਿਚ ਬਦਲਿਆ ਗਿਆ ਹੈ। ਇਸੇ ਤਰਾਂ ਹੀ ਪੰਜਾਬ ਸਰਕਾਰ ਵਲੋਂ ਵੀ ਵਿਰਾਸਤੀ ਇਮਾਰਤਾਂ ਨੂੰ ਸੈਰ ਸਪਾਟੇ ਲਈ ਵਿਕਸਤ ਕੀਤਾ ਜਾਵੇਗਾ।