
ਚੰਡੀਗੜ੍ਹ, 15 ਜਨਵਰੀ : ਲੜਕੀਆਂ ਨੂੰ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਲਈ ਉਤਿਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਸੀ ਪਾਈਟ ਕੈਂਪਾਂ ਰਾਹੀਂ ਪਹਿਲੀ ਵਾਰ ਪੰਜਾਬ ਦੀਆਂ 265 ਲੜਕੀਆਂ ਨੂੰ ਫੌਜ ਅਤੇ ਪੁਲੀਸ ਦੀ ਭਰਤੀ ਲਈ ਸਿਖਲਾਈ ਦਿੱਤੀ ਗਈ। ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਦੀ ਵਧਾਈ ਦਿੰਦਿਆਂ ਰੋਜ਼ਗਾਰ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਵਿਚ ਹਰ ਖੇਤਰ ਵਿਚ ਕੰਮ ਕਰਨ ਦੀ ਕਲਾ ਮੌਜੂਦ ਹੈ, ਪਰ ਇਸ ਕਲਾ ਨੂੰ ਨਿਖਾਰਨ ਦੀ ਲੋੜ ਹੁੰਦੀ ਹੈ।
ਸੀ ਪਾਈਟ ਦੀ ਪੰਜਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਲਈ ਇਕ ਵਿਸ਼ੇਸ਼ ਸੀ ਪਾਈਟ ਕੈਂਪ ਖੋਲ੍ਹਿਆ ਜਾਵੇਗਾ ਅਤੇ ਇਸ ਸੀ ਪਾਈਟ ਕੈਂਪ ਵਿਚ ਪੂਰੇ ਦਾ ਪੂਰਾ ਮਹਿਲਾ ਸਟਾਫ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਜਿਲਾ ਪਠਾਨਕੋਟ ਵਿਚ ਇਕ ਹੋਰ ਸੀ ਪਾਈਟ ਕੈਂਪ ਸਥਾਪਿਤ ਕੀਤਾ ਜਾਵੇਗਾ, ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੁਲੀਸ, ਫੌਜ ਅਤੇ ਹੋਰ ਹਥਿਆਰਬੰਦ ਸੈਨਾਵਾਂ ਦੀ ਟਰੇਨਿੰਗ ਦੇਵੇਗਾ।
ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿਚ 14 ਸੀ ਪਾਈਟ ਕੈਂਪ ਕੰਮ ਕਰ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਜਿਲਾ ਤਰਨਤਾਰਨ ਦੇ ਪਿੰਡ ਆਸਲ ਉਤਾੜ, ਜਿਲਾ ਸੰਗਰੂਰ ਦੇ ਪਿੰਡ ਖੇੜੀ ਅਤੇ ਜਿਲਾ ਮਾਨਸਾ ਦੇ ਪਿੰਡ ਬੋਰੇਵਾਲ ਵਿਖੇ ਤਿੰਨ ਨਵੇਂ ਸੀ ਪਾਈਟ ਕੈਂਪਾਂ ਦੀ ਉਸਾਰੀ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ।
ਮੀਟਿੰਗ ਦੌਰਾਨ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਾਵੜ ਨੇ ਦੱਸਿਆ ਕਿ ਸੀ ਪਾਈਟ ਕੈਂਪਾਂ ਰਾਹੀਂ ਦੋ ਲੱਖ 58 ਹਜਾਰ 760 ਨੌਜਵਾਨਾਂ ਨੂੰ ਮੁਫਤ ਸਿਖਲਾਈ ਦਿੱਛੀ ਜਾ ਚੁੱਕੀ ਹੈ, ਜਿਨ੍ਹਾਂ ਚਿਵੋਂ ਇਕ ਲੱਖ 15 ਹਜਾਰ 649 ਨੌਜਵਾਨਾਂ ਨੂੰ ਰੋਜ਼ਗਾਰ ਮਿਲ ਚੁੱਕਾ ਹੈ।