ਚੰਡੀਗੜ੍ਹ, 1 ਜਨਵਰੀ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਵੇਂ ਵਰ੍ਹੇ ਦੌਰਾਨ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਨਵੀਆਂ ਬੱਸਾਂ ਖਰੀਦਣ ਦੇ ਹੁਕਮ ਜਾਰੀ ਕੀਤੇ ਹਨ। ਅੱਜ ਇਥੇ ਹੋਈ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਮਿਥੇ ਗਏ ਟੀਚਿਆਂ ਦੀ ਪ੍ਰਾਪਤੀ ਲਈ ਸਰਕਾਰੀ ਬੱਸਾਂ ਦੇ ਮਾਲੀਏ ਵਿਚ ਵੀ ਵਾਧਾ ਕੀਤਾ ਜਾਣਾ ਜਰੂਰੀ ਹੈ। ਇਸ ਮਕਸਦ ਵਾਸਤੇ ਨਵੀਆਂ ਬੱਸਾਂ ਖਰੀਦਣੀਆਂ ਵੀ ਜਰੂਰੀ ਹਨ, ਤਾਂ ਜੋ ਸਵਾਰੀਆਂ ਦਾ ਸਰਕਾਰੀ ਬੱਸਾਂ ਵੱਲ ਰੁਝਾਨ ਵਧੇ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਬੱਸ ਅੱਡਿਆਂ ਦੀ ਸਾਂਭ ਸੰਭਾਲ ਅਤੇ ਸਾਫ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਮਾਲੀਆ ਵਧਾਉਣ ਲਈ ਬੱਸ ਅੱਡਿਆਂ ਨੂੰ ਵੀ ਠੇਕੇ ‘ਤੇ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਰੂਟ ਹਨ, ਜਿਥੇ ਸਵਾਰੀਆਂ ਦੀ ਗਿਣਤੀ ਬਹੁਤ ਹੁੰਦੀ ਹੈ, ਪਰ ਇਨ੍ਹਾਂ ਰੂਟਾਂ ‘ਤੇ ਸਰਕਾਰੀ ਬੱਸ ਸਰਵਿਸ ਘੱਟ ਹੈ। ਇਸ ਲਈ ਇਨ੍ਹਾਂ ਰੂਟਾਂ ‘ਤੇ ਪ੍ਰਾਈਵੇਟ ਬੱਸਾਂ ਵਾਲੇ ਕਮਾਈ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਹਦਾਇਤ ਕੀਤੀ ਕਿ ਨਵੀਆਂ ਬੱਸਾਂ ਖਰੀਦ ਕੇ ਇਨ੍ਹਾਂ ਮੁਨਾਫੇ ਵਾਲੇ ਰੂਟਾਂ ‘ਤੇ ਚਲਾਈਆਂ ਜਾਣ। ਇਸ ਨਾਲ ਜਿਥੇ ਸਰਕਾਰ ਦੀ ਆਮਦਨ ਵਿਚ ਵਾਧਾ ਹੋਵੇਗਾ, ਉਥੇ ਹੀ ਪ੍ਰਾਈਵੇਟ ਬੱਸਾਂ ਦੀ ਮਨਮਰਜੀ ਨੂੰ ਵੀ ਠੱਲ੍ਹ ਪਾਈ ਜਾ ਸਕੇਗੀ। ਇਸ ਨਾਲ ਆਮ ਲੋਕਾਂ ਨੂੰ ਵੀ ਸਹੂਲਤ ਪ੍ਰਦਾਨ ਕੀਤੀ ਜਾ ਸਕੇਗੀ।