ਚੰਡੀਗੜ੍ਹ, 1 ਜਨਵਰੀ : ਵਿਜੀਲੈਂਸ ਬਿਊਰੋ ਨੇ ਨਸ਼ਾ ਛੁਡਾਊ ਕੇਂਦਰਾਂ ਦੇ ਨਾਮ ‘ਤੇ ਪੰਜਾਬ ਵਿਚ ਨਸ਼ੇ ਦਾ ਧੰਦਾ ਕਰਨ ਦਾ ਪਰਦਾਫਾਸ਼ ਕੀਤਾ ਹੈ। ਨਸ਼ਾ ਛੁਡਾਊ ਕੇਂਦਰਾਂ ਵਿਚ ਵਰਤੀਆਂ ਜਾਂਦੀਆਂ ਦਵਾਈਆਂ ਨੂੰ ਨਸ਼ੇ ਦੇ ਤੌਰ ‘ਤੇ ਸਪਲਾਈ ਕਰਨ ਵਾਲੇ ਚੰਡੀਗੜ੍ਹ ਵਾਸੀ ਡਾ. ਅਮਿਤ ਬਾਂਸਲ ਅਤੇ ਲੁਧਿਆਣਾ ਦੀ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਖਿਲਾਫ ਪਰਚਾ ਦਰਜ ਕਰਕੇ ਡਾ. ਅਮਿਤ ਬਾਂਸਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ਦੌਰਾਨ ਪਤਾ ਲੱਗਾ ਕਿ ਇਹ ਡਾਕਟਰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ 22 ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਹੈ। ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿਚ ਵਰਤੀਆਂ ਜਾਂਦੀਆਂ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਵੱਖ ਵੱਖ ਸ਼ਹਿਰਾਂ ਵਿਚ ਨਸ਼ੇ ਵਜੋਂ ਵੇਚੀਆਂ ਜਾਂਦੀਆਂ ਸਨ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਡਾਕਟਰ ਖਿਲਾਫ ਪਹਿਲਾਂ ਵੀ ਲੁਧਿਆਣਾ ਵਿਖੇ ਇਕ ਪਰਚਾ ਦਰਜ ਕੀਤਾ ਗਿਆ ਸੀ। ਉਸ ਵੇਲੇ ਲੁਧਿਆਣਾ ਦੀ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਇਸ ਡਾਕਟਰ ਦੀ ਮੱਦਦ ਕੀਤੀ। ਵਿਜੀਲੈਂਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਡਰੱਗ ਇੰਸਪੈਕਟਰ ਦੀ ਮਿਲੀਭੁਗਤ ਨਾਲ ਹੀ ਡਾਕਟਰ ਵਲੋਂ ਧੰਦਾ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿਸੇ ਵਿਅਕਤੀ ਨੇ ਇਸ ਡਾਕਟਰ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਸੀ। ਇਸ ਵੀਡੀਓ ਦਾ ਨੋਟਿਸ ਲੈਂਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਇਕ ਪਰਚਾ ਵੀ ਦਰਜ ਕੀਤਾ ਸੀ। ਉਸ ਵੇਲੇ ਇਸੇ ਡਾਕਟਰ ਦੇ ਨਕੋਦਰ ਵਿਖੇ ਸਥਿਤ ਨਸ਼ਾ ਛੁਡਾਊ ਕੇਂਦਰ ਕਮ ਹਸਪਤਾਲ ਨੂੰ ਬੰਦ ਕਰ ਦਿੱਤਾ ਸੀ।