ਅਮ੍ਰਿਤਸਰ, 22 ਨਵੰਬਰ : ਪੰਜਾਬ ਵਿਚ ਸਰਹੱਦ ਪਾਰੋਂ ਆ ਰਹੇ ਨਸ਼ੇ ਅਤੇ ਹਥਿਆਰਾਂ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਤਹਿਤ ਅੱਜ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ 10 ਪਿਸਤੌਲ ਬਰਾਮਦ ਕੀਤੇ ਹਨ।
ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵਿਨੋਦ ਕੁਮਾਰ ਉਰਫ ਰੰਗੀਲਾ, ਯੁਵਰਾਜ ਸਿੰਘ, ਸੁਰਖਾਬ ਸਿੰਘ, ਜੁਗਰਾਜ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਪ੍ਰਭਦੀਪ ਸਿੰਘ ਉਰਫ ਹਰਮਨ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਨੂੰ ਸੂਚਨਾ ਮਿਲੀ ਕਿ ਇਹ ਵਿਅਕਤੀ ਪੰਜਾਬ ਵਿਚ ਹਥਿਆਰਾਂ ਦੀ ਸਪਲਾਈ ਕਰਦੇ ਹਨ ਤਾਂ ਪੁਲੀਸ ਨੇ ਆਪਣਾ ਨੈਟਵਰਕ ਵਿਛਾ ਕੇ ਇਨ੍ਹਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਪੁਲੀਸ ਨੇ ਪਰਚਾ ਦਰਜ ਕਰ ਲਿਆ ਹੈ। ਫੜ੍ਹੇ ਗਏ ਤਸਕਰਾਂ ਪਾਸੋਂ ਹੋਰ ਪੁੱਛਗਿੱਛ ਕਰਕੇ ਇਨ੍ਹਾਂ ਦੇ ਨੈਟਵਰਕ ਬਾਰੇ ਹੋਰ ਜਾਣਕਾਰੀ ਵੀ ਹਾਸਲ ਕੀਤੀ ਜਾਵੇਗੀ।