ਪਠਾਨਕੋਟ, 21 ਦਸੰਬਰ : ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਦੋ ਅਧੁਨਿਕ ਪਿਸਤੌਲ, ਚਾਰ ਮੈਗਜ਼ੀਨ ਅਤੇ 14 ਕਾਰਤੂਸ ਬਰਾਮਦ ਕੀਤੇ ਗਏ ਹਨ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਬਟਾਲਾ ਦੇ ਪਿੰਡ ਰਾਊਵਾਲ ਦੇ ਵਾਸੀ ਸੁਨੀਲ ਕੁਮਾਰ ਉਰਫ ਆਸ਼ੂ ਅਤੇ ਇਸੇ ਜਿਲੇ ਦੇ ਪਿੰਡ ਰਾਏਮਲ ਦੇ ਵਾਸੀ ਦਿਲਪ੍ਰੀਤ ਸਿੰਘ ਉਰਫ ਦਿਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਅਪਰਾਧਿਕ ਪਿਛੋਕੜ ਵਾਲੇ ਗੈਂਗਸਟਰ ਹਨ ਅਤੇ ਉਨ੍ਹਾਂ ਖਿਲਾਫ ਕਈ ਮਾਮਲੇ ਦਰਜ ਹਨ। ਸੁਨੀਲ ਕੁਮਾਰ ਉਰਫ ਆਸ਼ੂ ਤਾਂ ਅਜੇ ਇਸੇ ਸਾਲ 27 ਫਰਵਰੀ ਨੂੰ ਹੀ ਜ਼ਮਾਨਤ ‘ਤੇ ਰਿਹਾਅ ਹੋਇਆ ਸੀ। ਪੁਲੀਸ ਨੂੰ ਮਿਲੀ ਸੂਚਨਾ ਅਨੁਸਾਰ ਇਹ ਦੋਵੇਂ ਗੈਂਗਸਟਰ ਹਥਿਆਰਾਂ ਦੀ ਖੇਪ ਨੂੰ ਅੱਗੇ ਪਹੁੰਚਾਉੇਣ ਦੀ ਯੋਜਨਾ ਬਣਾ ਰਹੇ ਸਨ। ਹੁਣ ਪੁਲੀਸ ਵਲੋਂ ਇਨ੍ਹਾਂ ਗੈਂਗਸਟਰਾਂ ਪਾਸੋਂ ਹਥਿਆਰਾਂ ਦੀ ਖੇਪ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।