ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਦੀ ਤਿਆਰੀ ਸ਼ੁਰੂ ਹੋ ਗਈ ਹੈ ਅਤੇ ਬੀਤੀ ਦੇਰ ਰਾਤ ਪੰਜਾਬ ਦੇ ਚਾਰ ਮੰਤਰੀਆਂ ਤੋਂ ਅਸਤੀਫੇ ਲੈ ਲਏ ਗਏ ਹਨ। ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਐਤਵਾਰ ਦੀ ਸ਼ਾਮ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਬਲਕਾਰ ਸਿੰਘ, ਅਨਮੋਲ ਗਗਨ ਮਾਨ ਅਤੇ ਬ੍ਰਹਮ ਸ਼ੰਕਰ ਜਿੰਪਾ ਪਾਸੋਂ ਅਸਤੀਫੇ ਲੈ ਲਏ ਗਏ ਹਨ।
ਹੁਣ ਪੰਜਾਬ ਮੰਤਰੀ ਮੰਡਲ ਵਿਚ ਪੰਜ ਨਵੇਂ ਮੰਤਰੀਆਂ ਦੀ ਇੰਟਰੀ ਦੀ ਚਰਚਾ ਚੱਲ ਰਹੀ ਹੈ। ਇਸ ਵੇਲੇ ਨਵੇਂ ਮੰਤਰੀ ਬਨਣ ਦੀ ਦੌੜ ਵਿਚ ਜੋ ਚਿਹਰੇ ਚਰਚਾ ਵਿਚ ਹਨ, ਉਨ੍ਹਾਂ ਵਿਚ ਪਿਛਲੀਆਂ ਜ਼ਿਮਨੀ ਚੋਣਾ ਵਿਚ ਜਿੱਤ ਹਾਸਲ ਕਰਨ ਵਾਲੇ ਮਹਿੰਦਰ ਭਗਤ, ਬਰਿੰਦਰ ਕੁਮਾਰ ਗੋਇਲ, ਹਰਦੀਪ ਸਿੰਘ ਮੁੰਡੀਆਂ, ਤਰਨਪ੍ਰੀਤ ਸਿੰਘ ਸੌਂਦ ਅਤੇ ਡਾ. ਰਵੀਜੋਤ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ।
ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਦੀ ਚਰਚਾ ਲੰਮੇ ਸਮੇਂ ਤੋਂ ਚੱਲ ਰਹੀ ਸੀ, ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੇਲ ਵਿਚ ਜਾਣ ਕਾਰਨ ਸਾਰਾ ਕੰਮ ਲਟਕਿਆ ਹੋਇਆ ਸੀ। ਹੁਣ ਸ੍ਰੀ ਅਰਵਿੰਦ ਕੇਜਰੀਵਾਲ ਜੇਲ ਤੋਂ ਬਾਹਰ ਆ ਗਏ ਹਨ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਪਾਰਟੀ ਵਿਚ ਹਲਚਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਪਿਛਲੀਆਂ ਚੋਣਾ ਦੌਰਾਨ ਲੋਕ ਸਭਾ ਮੈਂਬਰ ਚੁਣੇ ਗਏ ਸਨ। ਇਸ ਲਈ ਮੀਤ ਹੇਅਰ ਨੇ ਆਪਣੇ ਵਿਧਾਇਕ ਦੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਕਾਰਨ ਮੀਤ ਹੇਅਰ ਵਾਲਾ ਵਿਭਾਗ ਵੀ ਖਾਲੀ ਹੀ ਪਿਆ ਹੈ। ਮੀਤ ਹੇਅਰ ਵੀ ਕੈਬਨਿਟ ਮੰਤਰੀ ਸਨ ਅਤੇ ਉਨ੍ਹਾਂ ਕੋਲ ਖੇਡ ਮੰਤਰਾਲੇ ਦੀ ਜੁੰਮੇਵਾਰੀ ਸੀ।
ਸੂਤਰਾਂ ਅਨੁਸਾਰ ਹੁਣ ਪੰਜ ਹੋਰ ਨਵੇਂ ਮੰਤਰੀ ਭਗਵੰਤ ਸਿੰਘ ਮਾਨ ਦੀ ਕੈਬਨਿਟ ਵਿਚ ਸ਼ਾਮਲ ਕੀਤੇ ਜਾ ਰਹੇ ਹਨ ਅਤੇ ਸੋਮਵਾਰ ਨਵੇਂ ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।