Wednesday, February 19Malwa News
Shadow

ਦਿੱਲੀ ‘ਚ ਫੜ੍ਹੀ ਗਈ ਜਾਅਲੀ ਨੰਬਰ ਵਾਲੀ ਗੱਡੀ ਬਾਰੇ ਪੰਜਾਬ ਸਰਕਾਰ ਦਾ ਸਪਸ਼ਟੀਕਰਨ

ਚੰਡੀਗੜ੍ਹ, 30 ਜਨਵਰੀ : ਟਰਾਂਸਪੋਰਟ ਵਿਭਾਗ (ਪੰਜਾਬ ਸਰਕਾਰ) ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਦਿੱਲੀ ਵਿੱਚ ਰਜਿਸਟ੍ਰੇਸ਼ਨ ਨੰਬਰ PB35AE1342 ਦੀ ਇੱਕ ਗੱਡੀ ਨੂੰ ਨਜਾਇਜ਼ ਸ਼ਰਾਬ ਅਤੇ ਕੁਝ ਨਕਦੀ ਨਾਲ ਫੜਿਆ ਗਿਆ ਹੈ। ਮੀਡੀਆ ਰਿਪੋਰਟਾਂ ‘ਚ ਦੋਸ਼ ਲਾਇਆ ਗਿਆ ਹੈ ਕਿ ਗੱਡੀ ‘ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਾ ਹੋਇਆ ਹੈ। ਸਰਕਾਰੀ ਰਿਕਾਰਡ ਅਨੁਸਾਰ ਇਹ ਵਾਹਨ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਮ ‘ਤੇ ਰਜਿਸਟਰਡ ਹੈ ਜੋ ਕਿ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ, ਪਠਾਨਕੋਟ ਵਿੱਚ ਤਾਇਨਾਤ ਸੀ ਅਤੇ ਖੜਕੀ, ਮਹਾਰਾਸ਼ਟਰ ਦਾ ਪੱਕਾ ਵਸਨੀਕ ਹੈ। ਇਸ ਤੋਂ ਇਲਾਵਾ, ਰਜਿਸਟ੍ਰੇਸ਼ਨ ਨੰਬਰ PB35AE1342 ‘ਤੇ ਰਜਿਸਟਰਡ ਵਾਹਨ ਦਾ ਮਾਡਲ ਸਾਲ 2018 ਵਿੱਚ ਬਣਿਆ ਫੋਰਡ ਈਕੋ ਸਪੋਰਟ ਹੈ ਪਰ ਪੁਲਿਸ ਦੁਆਰਾ ਫੜਿਆ ਗਿਆ ਅਸਲ ਵਾਹਨ ਹੁੰਡਈ ਕ੍ਰੇਟਾ ਸੀਰੀਜ਼ ਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਬੰਧਿਤ ਵਾਹਨ ਦੀ ਨੰਬਰ ਪਲੇਟ ਜਾਅਲੀ ਅਤੇ ਨਕਲੀ ਹੈ। ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (HSRP) ਸਾਰੇ ਵਾਹਨਾਂ ਲਈ ਲਾਜ਼ਮੀ ਹੈ ਅਤੇ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਰਜਿਸਟ੍ਰੇਸ਼ਨ ਪਲੇਟ HSRP ਦੀਆਂ ਵਿਸ਼ੇਸ਼ਤਾਵਾਂ ਤੋਂ ਬਿਨਾਂ ਇੱਕ ਆਮ ਪਲੇਟ ਹੈ, ਇਸ ਲਈ ਇਸ ਨੂੰ ਬਣਾਉਣਾ ਆਸਾਨ ਹੈ। ਪੰਜਾਬ ਸਰਕਾਰ ਵਲੋਂ ਆਪਣੇ ਰਿਕਾਰਡ ਦੀ ਖੋਜ ਕੀਤੀ ਗਈ ਹੈ ਅਤੇ ਪਤਾ ਲੱਗਾ ਹੈ ਕਿ ਅਜਿਹਾ ਕੋਈ ਵਾਹਨ ਪੰਜਾਬ ਸਰਕਾਰ ਦੀ ਮਾਲਕੀ ਜਾਂ ਕਿਰਾਏ ‘ਤੇ ਨਹੀਂ ਹੈ। ਫੜੀ ਗਈ ਗੱਡੀ ਪੰਜਾਬ ਸਰਕਾਰ ਦੀ ਨਹੀਂ ਹੈ।

Basmati Rice Advertisment