
ਨਵੀਂ ਦਿੱਲੀ, 30 ਜਨਵਰੀ : ਚੋਣ ਕਮਿਸ਼ਨ ਅਤੇ ਦਿੱਲੀ ਪੁਲੀਸ ਵਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿੱਲੀ ਸਥਿੱਤ ਘਰ ‘ਤੇ ਰੇਡ ਕੀਤੀ। ਇਸ ਰੇਡ ਖਿਲਾਫ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਨਿਖੇਧੀ ਕਰਦਿਆਂ ਭਾਰਤੀ ਜਨਤਾ ਪਾਰਟੀ ‘ਤੇ ਦੋਸ਼ ਲਾਏ ਕਿ ਦਿੱਲੀ ਚੋਣਾ ਵਿਚ ਹਾਰ ਰਹੀ ਭਾਜਪਾ ਕੋਝੀਆਂ ਚਾਲਾਂ ‘ਤੇ ਉੱਤਰ ਆਈ ਹੈ। ਭਗਵੰਤ ਮਾਨ ਨੇ ਕਿਹਾ ਕਿ ਚੋਣ ਕਮਿਸ਼ਨ ਅਤੇ ਦਿੱਲੀ ਦੀ ਪੁਲੀਸ ਭਾਜਪਾ ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਭਾਜਪਾ ਦੇ ਹੁਕਮਾਂ ‘ਤੇ ਹੀ ਕੰਮ ਕਰ ਰਹੇ ਹਨ।
ਚੋਣ ਕਮਿਸ਼ਨ ਦੇ ਅਧਿਕਾਰੀ ਅਤੇ ਦਿੱਲੀ ਪੁਲੀਸ ਅੱਜ ਜਦੋਂ ਭਗਵੰਤ ਸਿੰਘ ਮਾਨ ਦੀ ਕਪੂਰਥਲਾ ਹਾਊਸ ਵਿਖੇ ਰਿਹਾਇਸ਼ ‘ਤੇ ਪਹੁੰਚੇ ਤਾਂ ਹੰਗਾਮਾ ਹੋ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਾਜਪਾ ਦੀਆਂ ਕੋਝੀਆਂ ਚਾਲਾਂ ਖਿਲਾਫ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਰੇਡ ਖਿਲਾਫ ਟਵੀਟ ਕੀਤਾ ਹੈ ਕਿ ਅੱਜ ਦਿੱਲੀ ਪੁਲੀਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ ‘ਚ ਬੀ ਜੇ ਪੀ ਵਾਲੇ ਸ਼ਰੇਆਮ ਪੈਸੇ ਵੰਡ ਰਹੇ ਨ, ਪਰ ਦਿੱਲੀ ਪੁਲੀਸ ਤੇ ਚੋਣ ਕਮਿਸ਼ਨ ਨੂੰ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ। ਇਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਕ ਤਰੀਕੇ ਨਾਲ ਦਿੱਲੀ ਪੁਲੀਸ ਤੇ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ ‘ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਦਿੱਲੀ ਚੋਣਾ ਵਿਚ ਹਾਰ ਰਹੀ ਹੈ ਅਤੇ ਹਾਰ ਦੇ ਡਰ ਤੋਂ ਹੀ ਮਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਭਾਜਪਾ ਆਗੂ ਪਰਵੇਸ਼ ਵਰਮਾਂ ਲਗਾਤਾਰ ਪੈਸੇ ਵੰਡ ਰਹੇ ਹਨ, ਪਰ ਚੋਣ ਕਮਿਸ਼ਨ ਉਸ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਪੱਖਪਾਤੀ ਰਵਈਆ ਅਪਣਾ ਰਿਹਾ ਹੈ ਅਤੇ ਖੁੱਲ੍ਹ ਕੇ ਭਾਜਪਾ ਦਾ ਸਮਰੱਥਨ ਕਰ ਰਿਹਾ ਹੈ।
ਅਮਨ ਅਰੋੜਾ ਨੇ ਭਾਜਪਾ ਆਗੂ ਕੈਲਾਸ਼ ਗਹਿਲੋਤ ਦੀ ਵੀ ਉਦਾਹਰਨ ਦਿੱਤੀ ਜੋ ਆਪਣੇ ਦਫਤਰ ਵਿਚ ਸ਼ਰੇਆਮ ਪੈਸੇ ਵੰਡ ਰਹੇ ਸਨ।
ਇਸੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕਾ ਜੀਵਨ ਜੋਤ ਕੌਰ, ਨੀਲ ਗਰਗ ਅਤੇ ਹੋਰ ਆਗੂਆਂ ਨੇ ਵੀ ਭਗਵੰਤ ਮਾਨ ਦੇ ਘਰ ‘ਤੇ ਰਡੇ ਕਰਨ ਦਾ ਸਖਤ ਨੋਟਿਸ ਲਿਆ ਹੈ ਅਤੇ ਇਸਦੀ ਸਖਤ ਨਿੰਦਾ ਕੀਤੀ ਹੈ।
ਉਧਰ ਦਿੱਲੀ ਦੇ ਰਿਟਰਨਿੰਗ ਅਫਸਰ ਓ ਪੀ ਪਾਂਡੇ ਨੇ ਇਸ ਰੇਡ ਬਾਰੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਪੈਸੇ ਵਡੇ ਜਾਣ ਦੀ ਸ਼ਿਕਾਇਤ ਮਿਲੀ ਸੀ ਅਤੇ ਇਸ ਸ਼ਿਕਾਇਤ ਦੇ ਮਾਮਲੇ ਵਿਚ ਹੀ ਕਪੂਰਥਲਾ ਹਾਊਸ ਆਏ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਹ ਸ਼ਿਕਾਇਤ ਦੇ ਨਿਪਟਾਰੇ ਲਈ ਜਾਂਚ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਘਰ ਦੇ ਅੰਦਰ ਦਾਖਲ ਹੀ ਨਹੀਂ ਹੋਣ ਦਿੱਤਾ ਗਿਆ।