ਚੰਡੀਗੜ੍ਹ, 30 ਨਵੰਬਰ : ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਛਵਾੜਾ ਕੋਲਾ ਖਾਨ ਚਾਲੂ ਕਰਕੇ ਇਕ ਹਜਾਰ ਕਰੋੜ ਰੁਪਏ ਤੋਂ ਵੀ ਵੱਧ ਬੱਚਤ ਕੀਤੀ ਹੈ, ਜਿਸ ਨਾਲ ਪੰਜਾਬ ਨੂੰ ਸਸਤਾ ਕੋਲਾ ਮਿਲਣ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਪਛਵਾੜਾ ਕੋਲਾ ਖਾਨ ਸਾਲ 2015 ਤੋਂ ਹੀ ਬੰਦ ਪਈ ਸੀ ਅਤੇ ਪੰਜਾਬ ਨੂੰ ਕੋਲ ਇੰਡੀਆ ਲਿਮਟਿਡ ਪਾਸੋਂ ਮਹਿੰਗੇ ਭਾਅ ‘ਤੇ ਕੋਲਾ ਖਰੀਦਣਾ ਪੈ ਰਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਪਿਛੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾ ਕੰਮ ਇਹੀ ਕੀਤਾ ਕਿ ਪੰਜਾਬ ਦੀ ਆਪਣੀ ਕੋਲਾ ਖਾਨ ਚਾਲੂ ਕਰਵਾ ਦਿੱਤੀ। ਹੁਣ ਪੰਜਾਬ ਨੂੰ ਸਸਤੇ ਭਾਅ ‘ਤੇ ਕੋਲਾ ਮਿਲ ਰਿਹਾ ਹੈ, ਕਿਉਂਕਿ ਕੋਲੇ ਦੀ ਖਾਨ ਤਾਂ ਆਪਣੀ ਹੀ ਹੈ, ਇਸ ਲਈ ਟਰਾਂਸਪੋਰਟ ਅਤੇ ਹੋਰ ਖਰਚੇ ਹੀ ਕਰਨੇ ਪੈਂਦੇ ਹਨ। ਇਸੇ ਕਰਕੇ ਹੀ ਹੁਣ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਕੋਲੇ ਦੀ ਕਦੇ ਵੀ ਕੋਈ ਕਮੀ ਨਹੀਂ ਆਈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੇ ਯਤਨਾਂ ਸਦਕਾ ਹੀ ਹੁਣ ਪੰਜਾਬ ਵਿਚ ਬਿਜਲੀ ਵੀ ਵਾਧੂ ਹੈ। ਸ਼ਹਿਰਾਂ ਪਿੰਡਾਂ ਵਿਚ ਬਿਜਲੀ ਦੇ ਕੱਟ ਉਸ ਵੇਲੇ ਹੀ ਲੱਗਦੇ ਹਨ, ਜਦੋਂ ਕੋਈ ਲਾਈਨ ਵਿਚ ਖਰਾਬੀ ਹੁੰਦੀ ਹੈ ਅਤੇ ਉਸਦੀ ਰਿਪੇਅਰ ਕਰਨੀ ਹੁੰਦੀ ਹੈ। ਬਿਜਲੀ ਦੀ ਘਾਟ ਕਾਰਨ ਕਦੇ ਵੀ ਕੋਈ ਕੱਟ ਨਹੀਂ ਲੱਗਦੇ।