
ਚੰਡੀਗੜ੍ਹ : ਪੰਜਾਬ ਵਿਚ ਜਿਨ੍ਹਾਂ ਨੇ ਅਜੇ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ, ਉਨ੍ਹਾਂ ਲਈ ਬੁਰੀ ਖਬਰ ਇਹ ਹੈ ਕਿ ਹੁਣ ਉਨ੍ਹਾਂ ਨੂੰ ਪ੍ਰਾਪਰਟੀ ਟੈਕਸ ਉੱਪਰ 18 ਪ੍ਰਤੀਸ਼ਤ ਵਿਆਜ ਅਤੇ 20 ਪ੍ਰਤੀਸ਼ਤ ਜੁਰਮਾਨਾਂ ਵੀ ਦੇਣਾ ਪਵੇਗਾ। ਸਰਕਾਰ ਵਲੋਂ ਬਿਨਾਂ ਵਿਆਜ ਅਤੇ ਬਿਨਾਂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 31 ਮਾਰਚ 2024 ਸੀ। ਹੁਣ ਆਖਰੀ ਤਰੀਕ ਲੰਘ ਜਾਣ ਕਾਰਨ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ‘ਤੇ 18 ਪ੍ਰਤੀਸ਼ਤ ਵਿਆਜ ਅਤੇ 20 ਪ੍ਰਤੀਸ਼ਤ ਜੁਰਮਾਨਾਂ ਲੱਗੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਸਤੰਬਰ ਮਹੀਨੇ ਵਿਚ ਵੰਨ ਟਾਈਮ ਸੈਟਲਮੈਂਟ ਪਾਲਿਸੀ ਜਾਰੀ ਕੀਤੀ ਗਈ ਸੀ। ਇਸ ਪਾਲਿਸੀ ਅਧੀਨ ਸਤੰਬਰ ਤੱਕ ਬਿਨਾਂ ਕਿਸੇ ਵਿਆਜ ਜਾਂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਜਾ ਸਕਦਾ ਸੀ। ਸਰਕਾਰ ਵਲੋਂ ਬਾਅਦ ਵਿਚ ਇਹ ਛੋਟ ਸਤੰਬਰ ਤੋਂ ਵਧਾ ਕੇ ਦਸੰਬਰ ਤੱਕ ਕਰ ਦਿੱਤੀ ਗਈ ਸੀ। ਦਸੰਬਰ ਤੋਂ ਬਾਅਦ ਫੇਰ ਇਹ ਛੋਟ ਵਧਾ ਕੇ 31 ਮਾਰਚ ਤੱਕ ਕਰ ਦਿੱਤੀ ਗਈ ਸੀ। ਪਰ ਹੁਣ ਸਰਕਾਰ ਨੇ ਛੋਟ ਦੀ ਮਿਤੀ ਹੋਰ ਵਧਾਉਣ ਦਾ ਕੋਈ ਫੈਸਲਾ ਨਹੀਂ ਕੀਤਾ। ਹੁਣ ਪੰਜਾਬ ਵਿਚ ਚੋਣ ਜਾਬਤਾ ਲਾਗੂ ਹੋਣ ਕਾਰਨ ਅਜੇ ਪੰਜਾਬ ਸਰਕਾਰ ਅਜਿਹਾ ਕੋਈ ਫੈਸਲਾ ਲੈ ਵੀ ਨਹੀਂ ਸਕਦੀ। ਇਸ ਲਈ ਹੁਣ ਪ੍ਰਾਪਰਟੀ ਟੈਕਸ ਉੱਪਰ ਵਿਆਜ ਵੀ ਲੱਗੇਗਾ ਅਤੇ ਜੁਰਮਾਨਾਂ ਵੀ।