Monday, October 7Malwa News
Shadow

ਸੂਫੀਆਂ ਦੇ ਸ਼ਹਿਰ ਵਿਚ ਸੂਫੀ ਦੀ ਧਮਾਕੇਦਾਰ ਇੰਟਰੀ

ਫਰੀਦਕੋਟ : ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਪ੍ਰਸਿੱਧ ਗਾਇਕ ਅਤੇ ਐਮ ਪੀ ਹੰਸ ਰਾਜ ਨੂੰ ਚੋਣ ਮੈਦਾਨ ਵਿਚ ਉਤਾਰਨ ਨਾਲ ਰਾਜਨੀਤੀ ਭਖਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਪ੍ਰਸਿੱਧ ਕਮੇਡੀਅਨ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਸੀ। ਅੱਜ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਆਪਣੇ ਪੂਰੇ ਕਾਫਲੇ ਨਾਲ ਫਰੀਦਕੋਟ ਵਿਚ ਇੰਟਰ ਹੋਏ। ਹੰਸ ਰਾਜ ਹੰਸ ਦੇ ਰੋਡ ਸ਼ੋ ਵਿਚ ਨੌਜਵਾਨਾਂ ਅਤੇ ਆਮ ਲੋਕਾਂ ਦਾ ਭਾਰੀ ਉਤਸ਼ਾਹ ਦੇਖਿਆ ਗਿਆ। ਇਸ ਰੋਡ ਸ਼ੋ ਵਿਚ ਹੰਸ ਰਾਜ ਹੰਸ ਦੇ ਨਾਲ ਫਰੀਦਕੋਟ ਇਲਾਕੇ ਦੇ ਭਾਜਪਾ ਵਰਕਰ ਅਤੇ ਆਗੂ ਵੀ ਸ਼ਾਮਲ ਸਨ।
ਹੰਸ ਰਾਜ ਹੰਸ ਨੇ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ ਅਤੇ ਬਾਬਾ ਫਰੀਦ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਹੰਸ ਰਜ ਹੰਸ ਨੇ ਇਲਾਕੇ ਦੇ ਲੋਕਾਂ ‘ਤੇ ਭਰੋਸਾ ਜਿਤਾਉਂਦਿਆਂ ਯਕੀਨ ਨਾਲ ਕਿਹਾ ਕਿ ਉਹ ਹਰ ਹਾਲਤ ਵਿਚ ਜਿੱਤ ਹਾਸਲ ਕਰਨਗੇ ਅਤੇ ਫਰੀਦਕੋਟ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬਾਬਾ ਫਰੀਦ ਜੀ ਦੀ ਇਸ ਧਰਤੀ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਉਨ੍ਹਾਂ ਲਈ ਬਹੁਤ ਵੱਡਾ ਤੋਹਫਾ ਹੈ।
ਅੱਜ ਦੇ ਹੰਸ ਰਾਜ ਹੰਸ ਦੇ ਰੋਡ ਸ਼ੋ ਨਾਲ ਫਰੀਦਕੋਟ ਦੀ ਸਿਆਸਤ ਇਕ ਤਰਾਂ ਭਖਦੀ ਨਜ਼ਰ ਆ ਰਹੀ ਹੈ। ਹੰਸ ਰਾਜ ਹੰਸ ਦੀ ਸੂਫੀ ਗਾਇਕੀ ਵਿਚ ਵੱਖਰੀ ਪਛਾਣ ਹੈ। ਇਸ ਲਈ ਬਾਬਾ ਫਰੀਦ ਜੀ ਦੀ ਧਰਤੀ ‘ਤੇ ਹੰਸ ਰਾਜ ਹੰਸ ਦਾ ਪ੍ਰਭਾਵਸ਼ਾਲੀ ਹੋਣਾ ਸੁਭਾਵਿਕ ਹੈ। ਉਧਰ ਪੰਜਾਬ ਵਿਚ ਦਿਨ ਬ ਦਿਨ ਭਾਰਤੀ ਜਨਤਾ ਪਾਰਟੀ ਦੀ ਵਧਦੀ ਜਾ ਰਹੀ ਸ਼ਾਖ ਦਾ ਅਸਰ ਫਰੀਦਕੋਟ ਉੱਪਰ ਵੀ ਹੋਣ ਦੀ ਸੰਭਾਵਨਾ ਨਜ਼ਰ ਆਉਣ ਲੱਗੀ ਹੈ।