
ਗੁਰਦਾਸਪੁਰ, 2 ਫਰਵਰੀ : ਇਸ ਜਿਲੇ ਦੇ ਡੇਰਾ ਬਾਬਾ ਨਾਨਕ ਖੇਤਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਵਿੱਚ ਦੋ ਗੈਂਗਸਟਰ ਜ਼ਖਮੀ ਹੋ ਗਏ। ਇਹ ਘਟਨਾ ਸ਼ਾਹਪੁਰ ਜਾਜਨ ਪਿੰਡ ਵਿੱਚ ਉਸ ਸਮੇਂ ਵਾਪਰੀ ਜਦੋਂ ਪੁਲਿਸ ਟੀਮ ਦੋਸ਼ੀਆਂ ਨੂੰ ਹਥਿਆਰ ਬਰਾਮਦਗੀ ਲਈ ਲੈ ਜਾ ਰਹੀ ਸੀ।
ਐੱਸਐੱਸਪੀ ਬਟਾਲਾ ਸੋਹੇਲ ਕਾਸਿਮ ਮੀਰ ਅਨੁਸਾਰ, ਦੋਵੇਂ ਦੋਸ਼ੀ ਨਵੰਬਰ 2024 ਵਿੱਚ ਡੇਰਾ ਬਾਬਾ ਨਾਨਕ ਦੇ ਇੱਕ ਦੁਕਾਨਦਾਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ 13 ਜਨਵਰੀ ਨੂੰ ਲੋਹੜੀ ਦੇ ਦਿਨ ਦੁਕਾਨ ‘ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸਨ। ਦੋਸ਼ੀਆਂ ਦੀ ਪਛਾਣ ਸਰਬਜੀਤ ਸਿੰਘ ਸਾਬਾ (ਫਤਿਹਗੜ੍ਹ ਚੂੜੀਆਂ ਵਾਸੀ) ਅਤੇ ਸੁਨੀਲ ਮਸੀਹ ਲੱਬਾ (ਸ਼ਾਹਪੁਰ ਜਾਜਨ ਵਾਸੀ) ਵਜੋਂ ਹੋਈ ਹੈ।
ਮੁੱਠਭੇੜ ਦੌਰਾਨ, ਦੋਸ਼ੀਆਂ ਨੇ ਛੁਪਾਏ ਹੋਏ ਹਥਿਆਰ ਕੱਢ ਕੇ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਵਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ। ਜ਼ਖਮੀ ਦੋਸ਼ੀਆਂ ਨੂੰ ਪਹਿਲਾਂ ਕਮਿਊਨਿਟੀ ਹੈਲਥ ਸੈਂਟਰ ਡੇਰਾ ਬਾਬਾ ਨਾਨਕ ਵਿੱਚ ਭਰਤੀ ਕਰਵਾਇਆ ਗਿਆ, ਬਾਅਦ ਵਿੱਚ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਜਾਂਚ ਵਿੱਚ ਪਤਾ ਲੱਗਿਆ ਕਿ ਗੈਂਗਸਟਰ ਜੀਵਨ ਫੌਜੀ ਦੇ ਨਿਰਦੇਸ਼ ‘ਤੇ ਇਹ ਵਾਰਦਾਤ ਕੀਤੀ ਗਈ ਸੀ। ਇੱਕ ਦੋਸ਼ੀ ਸੁਨੀਲ ਮਸੀਹ ਵਾਰਦਾਤ ਤੋਂ ਬਾਅਦ ਗੁਜਰਾਤ ਭੱਜ ਗਿਆ ਸੀ, ਜਿੱਥੋਂ ਉਸਨੂੰ ਇੱਕ ਮਾਲ ਵਿੱਚ ਸਿਕਿਓਰਿਟੀ ਗਾਰਡ ਦੀ ਵਰਦੀ ਵਿੱਚ ਛੁਪੇ ਹੋਏ ਫੜਿਆ ਗਿਆ। ਉਸ ਕੋਲੋਂ ਪਿਸਤੌਲ ਵੀ ਬਰਾਮਦ ਕੀਤੀ ਗਈ ਸੀ।
ਦੂਜਾ ਦੋਸ਼ੀ ਸਰਬਜੀਤ ਸਾਬਾ ਜਲੰਧਰ ਵਿੱਚ ਕਿਤੇ ਛੁਪ ਗਿਆ ਸੀ। ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋਵਾਂ ਤੋਂ ਇੱਕ ਪਿਸਤੌਲ ਬਰਾਮਦ ਕਰਨਾ ਬਾਕੀ ਸੀ, ਜਿਸ ਕਰਕੇ ਪੁਲਿਸ ਪਾਰਟੀ ਐਤਵਾਰ ਨੂੰ ਦੋਵਾਂ ਨੂੰ ਰਿਕਵਰੀ ਲਈ ਲੈ ਕੇ ਆਈ ਸੀ। ਇੱਥੇ ਦੋਵਾਂ ਨੇ ਛੁਪਾਇਆ ਗਿਆ ਪਿਸਤੌਲ ਕੱਢ ਕੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ, ਪਰ ਉਹ ਨਹੀਂ ਰੁਕੇ।
ਇਸ ਕਰਕੇ ਪੁਲਿਸ ਨੇ ਦੋਵਾਂ ਦੀ ਲੱਤ ਵਿੱਚ ਗੋਲੀ ਮਾਰੀ। ਦੋਵੇਂ ਜਵਾਬੀ ਕਾਰਵਾਈ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਨੇ ਦੋਵਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਵਿੱਚ ਭਰਤੀ ਕਰਵਾਇਆ। ਦੋਵਾਂ ਦੀ ਹਾਲਤ ਠੀਕ ਹੈ, ਪਰ ਦੋਵਾਂ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਐੱਸਐੱਸਪੀ ਬਟਾਲਾ ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਵਿਦੇਸ਼ ਬੈਠੇ ਜੀਵਨ ਫੌਜੀ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਨੂੰ ਪੁਲਿਸ ਸੌਲਵ ਕਰ ਚੁੱਕੀ ਹੈ। ਫੌਜੀ ਪੈਸੇ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਨਾਲ ਜੋੜਦਾ ਹੈ। ਹਾਲਾਂਕਿ ਕਿਸੇ ਕੇਸ ਵਿੱਚ ਵੀ ਕਿਸੇ ਨੂੰ ਪੈਸਾ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁਲਿਸ ਪਾਰਟੀ ‘ਤੇ ਦੋ ਰੌਂਦ ਫਾਇਰ ਕੀਤੇ ਸਨ, ਜਦਕਿ ਪੁਲਿਸ ਨੇ ਜਵਾਬ ਵਿੱਚ ਚਾਰ ਫਾਇਰ ਕੀਤੇ।