Saturday, June 14Malwa News
Shadow

ਮੋਗਾ ਨੇੜੇ ਹੋਇਆ ਪੁਲੀਸ ਇਨਕਾਊਂਟਰ

ਮੋਗਾ, 2 ਫਰਵਰੀ : ਮੋਗਾ ਜ਼ਿਲ੍ਹੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ, ਜਦਕਿ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮੁਕਾਬਲਾ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ ਨੇੜੇ ਹੋਇਆ। ਇਨ੍ਹਾਂ ਬਦਮਾਸ਼ਾਂ ਨੇ ਧਰਮਕੋਟ ਕਸਬੇ ਦੇ ਪਿੰਡ ਮਹਿਲ ਤੋਂ ਇੱਕ ਕੀਆ ਕਾਰ ਲੁੱਟੀ ਸੀ। ਇਸ ਤੋਂ ਇਲਾਵਾ ਇਨ੍ਹਾਂ ਨੇ ਇੱਕ ਦੁਕਾਨਦਾਰ ਤੋਂ 3 ਲੱਖ ਰੁਪਏ ਅਤੇ ਇੱਕ ਪੈਟਰੋਲ ਪੰਪ ਤੋਂ 10 ਹਜ਼ਾਰ ਰੁਪਏ ਦੀ ਲੁੱਟ ਨੂੰ ਵੀ ਅੰਜਾਮ ਦਿੱਤਾ ਸੀ।
ਐੱਸਐੱਸਪੀ ਮੋਗਾ ਅਜੈ ਗਾਂਧੀ ਨੇ ਦੱਸਿਆ ਕਿ ਜਦੋਂ ਸੀਆਈਏ ਸਟਾਫ ਮੋਗਾ ਅਤੇ ਧਰਮਕੋਟ ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋ ਬਦਮਾਸ਼ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਇੱਕ ਨੂੰ ਪੱਟ ਵਿੱਚ ਅਤੇ ਦੂਜੇ ਨੂੰ ਲੱਤ ਵਿੱਚ ਗੋਲੀ ਲੱਗੀ। ਜ਼ਖਮੀ ਬਦਮਾਸ਼ਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਤਿੰਨ ਹੋਰ ਬਦਮਾਸ਼ਾਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਲੁੱਟੀ ਗਈ ਕੀਆ ਕਾਰ ਨੂੰ ਵੀ ਬਰਾਮਦ ਕਰ ਲਿਆ ਹੈ। ਇਸ ਕਾਰਵਾਈ ਵਿੱਚ ਪੁਲਿਸ ਟੀਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਗ੍ਰਿਫ਼ਤਾਰੀ ਨਾਲ ਖੇਤਰ ਵਿੱਚ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ‘ਤੇ ਰੋਕ ਲੱਗਣ ਦੀ ਉਮੀਦ ਹੈ।

Basmati Rice Advertisment