
ਨਵੀਂ ਦਿੱਲੀ, 2 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਵੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ। ਉਨ੍ਹਾਂ ਨੇ ਦਿੱਲੀ ਦੇ ਕਈ ਹਲਕਿਆਂ ਵਿੱਚ ਜਨ ਸਭਾਵਾਂ, ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਸੰਬੋਧਿਤ ਕੀਤਾ।
ਭਾਸ਼ਣ ਦੌਰਾਨ ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਿਕਾਸ, ਜਨ ਕਲਿਆਣ ਅਤੇ ਲੋਕ-ਕੇਂਦਰਿਤ ਸ਼ਾਸਨ ਬਾਰੇ ਦੱਸਿਆ ਅਤੇ ਭਾਜਪਾ ਤੇ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ 5 ਫਰਵਰੀ ਨੂੰ ਪ੍ਰਚੰਡ ਬਹੁਮਤ ਨਾਲ ਅਰਵਿੰਦ ਕੇਜਰੀਵਾਲ ਨੂੰ ਫਿਰ ਤੋਂ ਮੁੱਖ ਮੰਤਰੀ ਬਣਾਉਣ ਲਈ ਤਿਆਰ ਹਨ।
ਮਾਨ ਨੇ ਨਕਦੀ ਵੰਡ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਭਾਜਪਾ ਦੇ ਯਤਨਾਂ ਦੀ ਆਲੋਚਨਾ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ਪੈਸੇ ਲੈ ਲਓ ਪਰ ਵੋਟ ਆਮ ਆਦਮੀ ਪਾਰਟੀ ਨੂੰ ਦਿਓ। ਉਨ੍ਹਾਂ ਕਿਹਾ, ”ਜਦੋਂ ਭਾਜਪਾ ਪੈਸੇ ਵੰਡਣ ਆਵੇ ਤਾਂ ਮਨ੍ਹਾ ਨਾ ਕਰਨਾ। ਇਹ ਤੁਹਾਡਾ ਹੀ ਪੈਸਾ ਹੈ ਜੋ ਉਨ੍ਹਾਂ ਨੇ ਲੁੱਟਿਆ ਹੈ। ਪਰ ਯਾਦ ਰੱਖੋ, ਸਿੱਖਿਆ, ਰੁਜ਼ਗਾਰ ਅਤੇ ਵਿਕਾਸ ਦਾ ਬਟਨ ‘ਝਾੜੂ’ ਹੈ।
ਸੰਗਮ ਵਿਹਾਰ ਵਿਧਾਨ ਸਭਾ ਵਿੱਚ ਖਚਾਖਚ ਭਰੀ ਸਭਾ ਨੂੰ ਸੰਬੋਧਿਤ ਕਰਦਿਆਂ ਮਾਨ ਨੇ ਭਾਰੀ ਸੰਖਿਆ ਵਿੱਚ ਆਉਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ, “ਭਾਜਪਾ ਆਪਣੀਆਂ ਰੈਲੀਆਂ ਵਿੱਚ ਲੋਕਾਂ ਨੂੰ ਰੋਜ਼ਾਨਾ ਤਨਖਾਹ ‘ਤੇ ਲਿਆਉਂਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੈਸੇ ਵੀ ਨਹੀਂ ਦਿੰਦੇ। ਜਦੋਂ ਉਹ 400 ਦੀ ਰੋਜ਼ਾਨਾ ਤਨਖਾਹ ਨਹੀਂ ਦੇ ਰਹੇ, ਤਾਂ ਉਹ ਔਰਤਾਂ ਨੂੰ 2500 ਰੁਪਏ ਮਹੀਨਾ ਕਿਵੇਂ ਦੇਣਗੇ!”
ਲਾਜਪਤ ਨਗਰ ਵਿੱਚ ਰੋਡ ਸ਼ੋਅ ਦੌਰਾਨ ਮਾਨ ਨੇ ਨਵੀਂ ਦਿੱਲੀ ਹਲਕੇ ਵਿੱਚ ਭਾਜਪਾ ਦੀ ਗੁੰਡਾਗਰਦੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, ”ਭਾਜਪਾ ਅਰਵਿੰਦ ਕੇਜਰੀਵਾਲ ਦੇ ਹਲਕੇ ਵਿੱਚ ਆਪ ਕਾਰਕੁਨਾਂ ‘ਤੇ ਹਮਲਾ ਕਰ ਰਹੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਹ ਬੁਰੀ ਤਰ੍ਹਾਂ ਹਾਰ ਰਹੇ ਹਨ।”
ਜੰਗਪੁਰਾ ਮੁਹਿੰਮ ਦੌਰਾਨ ਮਾਨ ਨੇ ਆਪ ਦੀ ਸਿੱਖਿਆ ਕ੍ਰਾਂਤੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਜੰਗਪੁਰਾ ਖੁਸ਼ਕਿਸਮਤ ਹੈ ਕਿ ਉਸ ਕੋਲ ਅਜਿਹੇ ਵਿਧਾਇਕ ਹਨ ਜਿਨ੍ਹਾਂ ਨੇ ਉਨ੍ਹਾਂ ਸਕੂਲਾਂ ਨੂੰ ਬਦਲ ਦਿੱਤਾ ਜਿਨ੍ਹਾਂ ਦੀ ਹੁਣ ਦੁਨੀਆ ਪ੍ਰਸ਼ੰਸਾ ਕਰਦੀ ਹੈ। ਜਲਦੀ ਹੀ ਤੁਹਾਡਾ ਵਿਧਾਇਕ ਤੁਹਾਡਾ ਡਿਪਟੀ ਸੀਐਮ ਵੀ ਹੋਵੇਗਾ!”
ਵੋਟਰਾਂ ਨੂੰ ਵੰਡਣ ਵਾਲੀ ਰਾਜਨੀਤੀ ਨੂੰ ਰੱਦ ਕਰਨ ਦੀ ਅਪੀਲ ਕਰਦਿਆਂ ਮਾਨ ਨੇ ਕਿਹਾ, “ਤੁਹਾਡੇ ਕੋਲ ਦੋ ਵਿਕਲਪ ਹਨ – ਇੱਕ ਪੱਖ ਝਗੜੇ ਨੂੰ ਵਧਾਉਂਦਾ ਹੈ, ਦੂਜਾ ਪੱਖ ਸਿੱਖਿਆ ਪ੍ਰਦਾਨ ਕਰਦਾ ਹੈ। ਇੱਕ ਤੁਹਾਡੇ ਬੱਚਿਆਂ ਨੂੰ ਚਾਕੂ ਅਤੇ ਤਲਵਾਰਾਂ ਸੌਂਪ ਦੇਵੇਗਾ, ਜਦਕਿ ਦੂਜਾ ਉਨ੍ਹਾਂ ਨੂੰ ‘ਪੈੱਨ ਅਤੇ ਪੈਂਸਲ’ ਦੇਵੇਗਾ।”
ਆਪ ਨੂੰ ਮਿਲ ਰਹੇ ਭਾਰੀ ਜਨ-ਸਮਰਥਨ ਦਾ ਜ਼ਿਕਰ ਕਰਦਿਆਂ ਮਾਨ ਨੇ ਦਾਅਵਾ ਕੀਤਾ, “ਦਿੱਲੀ ਨੇ ਫੈਸਲਾ ਕਰ ਲਿਆ ਹੈ: ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨਗੇ। ਭਾਜਪਾ ਦੀ ਹਤਾਸ਼ਾ ਦਰਸਾਉਂਦੀ ਹੈ ਕਿ ਉਹ ਪਹਿਲਾਂ ਹੀ ਹਾਰ ਚੁੱਕੇ ਹਨ।”