ਚੰਡੀਗੜ੍ਹ, 2 ਦਸੰਬਰ : ਪੰਜਾਬ ਵਿਚ ਊਰਜਾ ਵਿਕਾਸ ਅਤੇ ਨਵੀਆਂ ਖੋਜਾਂ ਲਈ ਪੰਜਾਬ ਸਰਕਾਰ ਵਲੋਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਗਿਆ, ਜਿਸ ਨਾਲ ਊਰਜਾ ਦੇ ਖੇਤਰ ਵਿਚ ਨਵੀਆਂ ਖੋਜਾਂ ਕਰਕੇ ਨਵੇਂ ਮੀਲਪੱਥਰ ਕਾਇਮ ਕੀਤੇ ਜਾਣਗੇ।
ਅੱਜ ਇਥੇ ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਦੀਪ ਹਾਂਸ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਸ਼ਾਖਾ ਦੇ ਪ੍ਰੋਫੈਸਰ ਡਾ. ਰਾਜ ਕਮੁਾਰ ਵਲੋਂ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਇਸ ਮੌਕੇ ਸੰਦੀਪ ਹਾਂਸ ਨੇ ਦੱਸਿਆ ਕਿ ਪੰਜਾਬ ਵਿਚ ਖੇਤੀਬਾੜੀ, ਟਰਾਂਸਪੋਰਟ, ਉਦਯੋਗਿਕ ਅਤੇ ਘਰੇਲੂ ਖੇਤਰਾਂ ਵਿਚ ਊਰਜਾ ਬਚਾਓ ਉਕਰਨਾਂ ਦੀ ਖੋਜ ਕਰਨ ਅਤੇ ਊਰਜਾ ਸੰਭਾਲ ਨਾਲ ਸਬੰਧਿਤ ਨਵੀਂਆਂ ਤਕਨੀਕਾਂ ਤਿਆਰ ਕਰਨ ਲਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਚੰਡੀਗੜ੍ਹ ਯੂਨੀਵਰਸਿਟੀ ਵਲੋਂ ਇਸ ਖੇਤਰ ਵਿਚ ਸਥਾਨਕ ਪੱਧਰ ‘ਤੇ ਖੋਜ ਕਾਰਜ ਕਰਵਾਏ ਜਾਣਗੇ। ਇਨ੍ਹਾਂ ਖੋਜਾਂ ਨਾਲ ਊਰਜਾ ਦੇ ਖੇਤਰ ਵਿਚ ਨਵੀਂ ਸੇਧ ਮਿਲੇਗੀ।
ਇਸ ਮੌਕੇ ਪੇਡਾ ਦੇ ਡਾਇਰੈਕਟਰ ਐਮ.ਪੀ. ਸਿੰਘ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਖੋਜਾਂ ਨਾਲ ਪੰਜਾਬ ਵਿਚ ਨਵੀਂ ਤਰਾਂ ਦੀ ਕਰਾਂਤੀ ਆਵੇਗੀ। ਇਸ ਮੌਕੇ ਪੇਡਾ ਦੇ ਪ੍ਰੋਜੈਕਟ ਇੰਜੀਨੀਅਰ ਮਨੀ ਖੰਨਾ, ਰੋਹਿਤ ਕੁਮਾਰ ਅਤੇ ਯੂਨੀਵਰਸਿਟੀ ਦੇ ਡਾ. ਹਰਪ੍ਰੀਤ ਲੁਬਾਣਾ ਵੀ ਹਾਜਰ ਸਨ।