
ਜਦੋਂ ਸਾਡੇ ਸਿਰ ਵਿੱਚ ਦਰਦ ਹੁੰਦਾ ਹੈ ਤਾਂ ਅਸੀਂ ਐਸਪਰਿਨ ਖਾ ਲੈਂਦੇ ਹਾਂ। ਮਾਸਪੇਸ਼ੀਆਂ ਵਿੱਚ ਦਰਦ ਹੋਣ ‘ਤੇ ਪੈਰਾਸੀਟਾਮੋਲ ਖਾ ਲੈਂਦੇ ਹਾਂ। ਇਸੇ ਤਰ੍ਹਾਂ ਪੇਟ ਜਾਂ ਦੰਦਾਂ ਵਿੱਚ ਦਰਦ ਹੋਣ ‘ਤੇ ਕਿਸੇ ਮੈਡੀਕਲ ਸਟੋਰ ਤੋਂ ਦਰਦ ਨਿਵਾਰਕ ਲੈ ਕੇ ਖਾ ਲੈਂਦੇ ਹਾਂ। ਇਸ ਨਾਲ ਤੁਰੰਤ ਰਾਹਤ ਵੀ ਮਿਲ ਜਾਂਦੀ ਹੈ। ਇਹੀ ਕਾਰਨ ਹੈ ਕਿ ਦਰਦ ਨਿਵਾਰਕ ਦਵਾਈਆਂ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਓਵਰ-ਦ-ਕਾਊਂਟਰ ਦਵਾਈਆਂ ਵਿੱਚੋਂ ਇੱਕ ਹਨ।
ਅਸੀਂ ਦਰਦ ਨਿਵਾਰਕਾਂ ਨੂੰ ਜਿੰਨੇ ਆਮ ਤਰੀਕੇ ਨਾਲ ਵਰਤ ਰਹੇ ਹਾਂ, ਇਨ੍ਹਾਂ ਦੇ ਮਾੜੇ ਪ੍ਰਭਾਵ ਓਨੇ ਹੀ ਖ਼ਤਰਨਾਕ ਹੁੰਦੇ ਹਨ। ਇਹ ਦਵਾਈਆਂ ਖਾਸ ਤੌਰ ‘ਤੇ ਸਾਡੇ ਪੇਟ ਅਤੇ ਗੁਰਦਿਆਂ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰ ਸਕਦੀਆਂ ਹਨ। ਇਨ੍ਹਾਂ ਦੀ ਵੱਧ ਜਾਂ ਗਲਤ ਵਰਤੋਂ ਨਾਲ ਪੇਟ ਵਿੱਚ ਅਲਸਰ ਹੋ ਸਕਦਾ ਹੈ, ਲੀਵਰ ਖਰਾਬ ਹੋ ਸਕਦਾ ਹੈ ਅਤੇ ਗੁਰਦੇ ਵੀ ਖਰਾਬ ਹੋ ਸਕਦੇ ਹਨ।
ਪ੍ਰਸਿੱਧ ਮੈਗਜ਼ੀਨ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਜੁਲਾਈ, 2021 ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਰਿਪੋਰਟ ਅਨੁਸਾਰ, ਜ਼ਿਆਦਾ ਦਰਦ ਨਿਵਾਰਕ ਖਾਣ ਜਾਂ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਖਾਣ ਨਾਲ ਲਿਵਰ ਅਤੇ ਗੁਰਦੇ ਖਰਾਬ ਹੋਣ ਦਾ ਖ਼ਤਰਾ ਹੁੰਦਾ ਹੈ। ਇੱਥੋਂ ਤੱਕ ਕਿ ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਵੀ ਖਤਰਾ ਵਧ ਜਾਂਦਾ ਹੈ।
ਦੁਨੀਆਂ ਦੇ ਹਰ ਤਰ੍ਹਾਂ ਦੇ ਬਾਜ਼ਾਰ ਬਾਰੇ ਗਲੋਬਲ ਰਿਸਰਚ ਕਰਨ ਵਾਲੀ ਕੰਪਨੀ ‘ਮਾਰਕੀਟ ਰਿਸਰਚ ਫਿਊਚਰ’ ਅਨੁਸਾਰ ਦਰਦ ਨਿਵਾਰਕਾਂ ਦਾ ਬਾਜ਼ਾਰ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ ਵਿੱਚੋਂ ਇੱਕ ਹੈ। ਪਿਛਲੇ ਕੁਝ ਸਾਲਾਂ ਵਿੱਚ ਇਨ੍ਹਾਂ ਦੀ ਮੰਗ ਜਿੰਨੀ ਤੇਜ਼ੀ ਨਾਲ ਵਧੀ ਹੈ, ਉਸ ਦੇ ਆਧਾਰ ‘ਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਬਾਜ਼ਾਰ ਸਾਲ 2024 ਤੋਂ ਸਾਲ 2032 ਦੇ ਵਿਚਕਾਰ 7.2% ਦੀ ਕੰਪਾਊਂਡ ਗਰੋਥ ਰੇਟ ਨਾਲ ਵਧ ਸਕਦਾ ਹੈ।
ਭਾਰਤ ਵਿੱਚ ਦਰਦ ਨਿਵਾਰਕਾਂ ਦੀ ਮਾਰਕੀਟ ਦੁਨੀਆ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਇਕ ਅਨੁਮਾਨ ਹੈ ਕਿ ਇਹ ਸਾਲ 2024 ਤੋਂ ਸਾਲ 2029 ਦੇ ਵਿਚਕਾਰ 9.21% ਦੀ ਕੰਪਾਊਂਡ ਗਰੋਥ ਰੇਟ ਨਾਲ ਦਰਦ ਨਿਵਾਰਕਾਂ ਦੀ ਮਾਰਕੀਟ ਵਧ ਸਕਦੀ ਹੈ।
ਦਵਾਈ ਦੀ ਭਾਸ਼ਾ ਵਿੱਚ ਦਰਦ ਨਿਵਾਰਕਾਂ ਨੂੰ ਐਨਲਜੈਸਿਕ (Analgesic) ਕਿਹਾ ਜਾਂਦਾ ਹੈ। ਇਹ ਅਜਿਹੀਆਂ ਦਵਾਈਆਂ ਹਨ, ਜੋ ਦਰਦ ਨੂੰ ਕੰਟਰੋਲ ਕਰਨ ਅਤੇ ਬੁਖਾਰ ਘਟਾਉਣ ਵਿੱਚ ਮਦਦ ਕਰਦੀਆਂ ਹਨ। ਇਨ੍ਹਾਂ ਵਿੱਚ ਕੁਝ ਦਵਾਈਆਂ ਅਜਿਹੀਆਂ ਵੀ ਹਨ, ਜੋ ਸੋਜ ਨੂੰ ਵੀ ਘਟਾ ਸਕਦੀਆਂ ਹਨ। ਇਨ੍ਹਾਂ ਨੂੰ ਮੁੱਖ ਤੌਰ ‘ਤੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ:
ਇਕ ਉਹ ਜੋ ਸੋਜ ਨੂੰ ਘਟਾਉਂਦੀਆਂ ਹਨ ਅਤੇ ਸਰੀਰ ਨੂੰ ਦਰਦ ਦਾ ਅਹਿਸਾਸ ਕਰਵਾਉਣ ਵਾਲੇ ਸੰਕੇਤਾਂ ਨੂੰ ਬਲਾਕ ਕਰ ਦਿੰਦੀਆਂ ਹਨ। ਇਸ ਲਈ ਇਨ੍ਹਾਂ ਨੂੰ ਖਾਣ ਤੋਂ ਬਾਅਦ ਦਰਦ ਦਾ ਅਹਿਸਾਸ ਬੰਦ ਹੋ ਜਾਂਦਾ ਹੈ। ਇਨ੍ਹਾਂ ਦਵਾਈਆਂ ਨੂੰ NSAIDs ਕਿਹਾ ਜਾਂਦਾ ਹੈ।
ਦੂਜੀਆਂ ਉਹ ਜੋ ਸਿੱਧੇ ਨਰਵਸ ਸਿਸਟਮ ਨੂੰ ਕੰਟਰੋਲ ਕਰਦੀਆਂ ਹਨ। ਇਹ ਦਿਮਾਗ ਦੇ ਰਿਸੈਪਟਰਜ਼ ਨੂੰ ਬਲਾਕ ਕਰ ਦਿੰਦੀਆਂ ਹਨ। ਇਸ ਨਾਲ ਦਿਮਾਗ਼ ਤੱਕ ਇਹ ਸੁਨੇਹਾ ਹੀ ਨਹੀਂ ਪਹੁੰਚ ਸਕਦਾ ਕਿ ਸਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਹੋ ਰਿਹਾ ਹੈ। ਇਸ ਲਈ ਇਹਨਾਂ ਨੂੰ ਖਾਣ ਤੋਂ ਬਾਅਦ ਦਰਦ ਦਾ ਅਹਿਸਾਸ ਬੰਦ ਹੋ ਜਾਂਦਾ ਹੈ। ਇਸ ਨੂੰ ਮੈਡੀਕਲ ਭਾਸ਼ਾ ਵਿਚ ਓਪੀਓਇਡਜ਼ (OPIOIDs) ਕਿਹਾ ਜਾਂਦਾ ਹੈ।
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੋਈ ਵੀ ਦਵਾਈ ਪੂਰੀ ਤਰ੍ਹਾਂ ਖਤਰੇ ਤੋਂ ਖਾਲੀ ਨਹੀਂ ਹੁੰਦੀ। ਕਿਉਂਕਿ ਪੇਨਕਿਲਰ ਸਾਡੇ ਦਿਮਾਗ਼ ਦੇ ਰਿਸੈਪਟਰਜ਼ ਅਤੇ ਨਰਵਸ ਸਿਸਟਮ ਦੇ ਨਾਲ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ, ਇਸ ਲਈ ਇਸਦੇ ਨੁਕਸਾਨ ਵੀ ਜ਼ਿਆਦਾ ਹੁੰਦੇ ਹਨ।
ਪੇਨਕਿਲਰ ਦਾ ਸਭ ਤੋਂ ਵੱਧ ਨੁਕਸਾਨ ਗੁਰਦਿਆਂ ਨੂੰ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੇਨਕਿਲਰ ਨਾਲ ਗੁਰਦਿਆਂ ਵੱਲ ਖੂਨ ਦਾ ਵਹਾਅ ਘੱਟ ਹੋ ਜਾਂਦਾ ਹੈ। ਇਸ ਨਾਲ ਗੁਰਦਿਆਂ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਇਲਾਵਾ ਇਹਨਾਂ ਨਾਲ ਗੁਰਦਿਆਂ ਦੇ ਟਿਸ਼ੂਜ਼ ਵੀ ਖਰਾਬ ਹੁੰਦੇ ਹਨ। ਸਭ ਤੋਂ ਆਖ਼ਰ ਵਿੱਚ ਇਹਨਾਂ ਦਵਾਈਆਂ ਨੂੰ ਛਾਣ ਕੇ ਸਰੀਰ ਤੋਂ ਬਾਹਰ ਕੱਢਣ ਦਾ ਕੰਮ ਵੀ ਗੁਰਦਿਆਂ ਨੂੰ ਹੀ ਕਰਨਾ ਪੈਂਦਾ ਹੈ। ਇਸ ਪ੍ਰਕਿਰਿਆ ਦੌਰਾਨ ਵੀ ਇਹ ਦਵਾਈਆਂ ਗੁਰਦਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹੀ ਕਾਰਨ ਹੈ ਕਿ ਜ਼ਿਆਦਾ ਪੇਨਕਿਲਰ ਖਾਣ ਨਾਲ ਗੁਰਦੇ ਖਰਾਬ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਅਮਰੀਕਨ ਨੈਸ਼ਨਲ ਕਿਡਨੀ ਫਾਊਂਡੇਸ਼ਨ ਦੀ ਰਿਸਰਚ ਮੁਤਾਬਕ, ਪੇਨਕਿਲਰ ਦੀ ਗ਼ਲਤ ਵਰਤੋਂ ਨਾਲ ਗੁਰਦਿਆਂ ਸਮੇਤ ਪੂਰੇ ਸਰੀਰ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਹਰ ਸਾਲ ਕ੍ਰੌਨਿਕ ਕਿਡਨੀ ਫੇਲੀਅਰ ਦੇ 3% ਤੋਂ 5% ਨਵੇਂ ਕੇਸ ਇਹਨਾਂ ਪੇਨਕਿਲਰ ਦੀ ਜ਼ਿਆਦਾ ਵਰਤੋਂ ਕਾਰਨ ਹੁੰਦੇ ਹਨ। ਜੇ ਕਿਸੇ ਨੂੰ ਇੱਕ ਵਾਰ ਗੁਰਦਿਆਂ ਦੀ ਕੋਈ ਬਿਮਾਰੀ ਹੋ ਜਾਂਦੀ ਹੈ ਤਾਂ ਇਹਨਾਂ ਦਵਾਈਆਂ ਦੀ ਲਗਾਤਾਰ ਵਰਤੋਂ ਸਰੀਰ ਦੀ ਹਾਲਤ ਨੂੰ ਹੋਰ ਖਰਾਬ ਕਰ ਦਿੰਦੀ ਹੈ।
ਪੇਨਕਿਲਰ ਸਾਡੇ ਦਰਦ ਨੂੰ ਘੱਟ ਕਰਨ ਅਤੇ ਰਾਹਤ ਦੇਣ ਲਈ ਬਣੀਆਂ ਹਨ। ਜੇ ਇਹਨਾਂ ਨੂੰ ਡਾਕਟਰ ਦੀ ਪਰਚੀ ਦੇ ਮੁਤਾਬਕ ਸਾਵਧਾਨੀ ਨਾਲ ਖਾਧਾ ਜਾਵੇ ਤਾਂ ਇਸ ਤੋਂ ਹੋਣ ਵਾਲੇ ਨੁਕਸਾਨ ਘੱਟ ਕੀਤੇ ਜਾ ਸਕਦੇ ਹਨ।
ਜੇ ਪੇਨਕਿਲਰ ਖਾ ਰਹੇ ਹੋ ਤਾਂ ਹਮੇਸ਼ਾ ਨਿਰਧਾਰਿਤ ਜਾਂ ਸਿਫਾਰਸ਼ ਕੀਤੀ ਖੁਰਾਕ ਦੀ ਪਾਲਣਾ ਕਰੋ। ਜੇ ਤੁਹਾਨੂੰ ਲਗਾਤਾਰ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਖੁਦ ਤੋਂ ਦਵਾਈਆਂ ਲੈਣ ਦੀ ਬਜਾਏ ਡਾਕਟਰ ਨਾਲ ਸਲਾਹ ਕਰੋ।
ਦਰਦ-ਨਿਵਾਰਕ ਦਵਾਈਆਂ ਦੀ ਵਰਤੋਂ ਜਿੰਨੀ ਹੋ ਸਕੇ ਘੱਟ ਤੋਂ ਘੱਟ ਕਰੋ। ਜੇਕਰ ਲਗਾਤਾਰ ਦਰਦ ਬਣਿਆ ਰਹਿੰਦਾ ਹੈ ਤਾਂ ਡਾਕਟਰ ਦੀ ਸਲਾਹ ਲੈ ਕੇ ਇਸਦੇ ਮੂਲ ਕਾਰਨ ਦਾ ਇਲਾਜ ਕਰਵਾਓ।
ਦਰਦ ਹੋਣ ਦੇ ਅਸਲ ਕਾਰਨਾਂ ਬਾਰੇ ਜਾਣ ਕੇ ਦਰਦ ਨੂੰ ਘੱਟ ਕਰਨ ਦੇ ਹੋਰ ਢੰਗ ਵੀ ਹੁੰਦੇ ਹਨ। ਇਸ ਵਿੱਚ ਕਿਸੇ ਤਰ੍ਹਾਂ ਦੀ ਦਵਾਈ ਨਹੀਂ ਲੈਣੀ ਪੈਂਦੀ। ਫਿਜ਼ੀਕਲ ਥੈਰੇਪੀ, ਐਕਿਊਪੰਕਚਰ ਜਾਂ ਮਾਈਂਡਫੁਲਨੈੱਸ ਵਰਗੀਆਂ ਚੀਜ਼ਾਂ ਆਮ ਦਰਦ ਵਿੱਚ ਰਾਹਤ ਪ੍ਰਦਾਨ ਕਰ ਸਕਦੀਆਂ ਹਨ।
ਜੇਕਰ ਤੁਸੀਂ ਕਿਸੇ ਮੈਡੀਕਲ ਜਾਂ ਸਰੀਰਕ ਸਥਿਤੀ ਕਾਰਨ ਨਿਯਮਿਤ ਰੂਪ ਵਿੱਚ ਦਰਦ-ਨਿਵਾਰਕ ਦਵਾਈਆਂ ਲੈਂਦੇ ਹੋ ਤਾਂ ਪੇਟ ਅਤੇ ਗੁਰਦਿਆਂ ਦੀ ਨਿਯਮਿਤ ਜਾਂਚ ਕਰਵਾਉਂਦੇ ਰਹੋ। ਇਸ ਨਾਲ ਇਹ ਪਤਾ ਲੱਗੇਗਾ ਕਿ ਇਹ ਦਵਾਈਆਂ ਗੁਰਦਿਆਂ ਅਤੇ ਪੇਟ ਨੂੰ ਕਿੰਨਾ ਪ੍ਰਭਾਵਿਤ ਕਰ ਰਹੀਆਂ ਹਨ। ਉਸ ਦੇ ਮੁਤਾਬਕ ਡਾਕਟਰ ਇਨ੍ਹਾਂ ਦੀ ਖੁਰਾਕ ਵਿੱਚ ਬਦਲਾਅ ਕਰ ਸਕਦੇ ਹਨ।
ਜੇਕਰ ਕੋਈ ਦਰਦ-ਨਿਵਾਰਕ ਦਵਾਈਆਂ ਦੇ ਨਾਲ ਸ਼ਰਾਬ ਪੀ ਰਿਹਾ ਹੈ ਤਾਂ ਇਸ ਨਾਲ ਪੇਟ ਦੇ ਅਲਸਰ ਅਤੇ ਗੁਰਦਿਆਂ ਦੇ ਖਰਾਬ ਹੋਣ ਦਾ ਖਤਰਾ ਵੱਧ ਸਕਦਾ ਹੈ। ਇਸ ਨਾਲ ਲੀਵਰ ਨੂੰ ਨੁਕਸਾਨ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਇਸ ਦੌਰਾਨ ਸ਼ਰਾਬ ਤੋਂ ਦੂਰੀ ਬਣਾਈ ਰੱਖੋ।