ਲੁਧਿਆਣਾ, 7 ਅਕਤੂਬਰ – ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਸ਼ਨੀਵਾਰ ਦੇਰ ਰਾਤ ਵਾਪਰੀ ਇੱਕ ਦਰਦਨਾਕ ਘਟਨਾ ਨੇ ਦੇਵੀ ਜਾਗਰਣ ਦੇ ਉਤਸ਼ਾਹ ਨੂੰ ਸੋਗ ਵਿੱਚ ਬਦਲ ਦਿੱਤਾ। ਹੰਬੜਾ ਰੋਡ ‘ਤੇ ਸਥਿਤ ਸ਼੍ਰੀ ਗੋਵਿੰਦ ਗੋਧਾਮ ਮੰਦਰ ਦੇ ਨੇੜੇ ਆਯੋਜਿਤ ਕੀਤੇ ਗਏ ਦੇਵੀ ਜਾਗਰਣ ਦੌਰਾਨ ਅਚਾਨਕ ਆਈ ਤੇਜ਼ ਹਵਾ ਕਾਰਨ ਪੰਡਾਲ ਡਿੱਗ ਗਿਆ, ਜਿਸ ਵਿੱਚ ਦੋ ਮਹਿਲਾਵਾਂ ਦੀ ਮੌਤ ਹੋ ਗਈ ਅਤੇ ਲਗਭਗ 15 ਲੋਕ ਜ਼ਖਮੀ ਹੋ ਗਏ।
ਦ੍ਵਾਰਕਾ ਐਨਕਲੇਵ ਦੇ ਵਸਨੀਕਾਂ ਵੱਲੋਂ ਮੰਦਰ ਦੇ ਪਿੱਛੇ ਖਾਲੀ ਪਏ ਮੈਦਾਨ ਵਿੱਚ ਦੇਵੀ ਜਾਗਰਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ‘ਤੇ ਮਸ਼ਹੂਰ ਗਾਇਕਾ ਪੱਲਵੀ ਰਾਵਤ ਨੂੰ ਭੇਟਾਂ ਗਾਉਣ ਲਈ ਬੁਲਾਇਆ ਗਿਆ ਸੀ। ਸ਼ਨੀਵਾਰ ਰਾਤ ਕਰੀਬ 2 ਵਜੇ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ, ਅਚਾਨਕ ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ।
ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ, ਜਦੋਂ ਹਵਾ ਤੇਜ਼ ਹੋਈ ਤਾਂ ਕੁਝ ਲੋਕ ਉੱਠ ਕੇ ਜਾਣ ਲੱਗੇ, ਪਰ ਗਾਇਕਾ ਅਤੇ ਜਾਗਰਣ ਪਾਰਟੀ ਨੇ ਉਨ੍ਹਾਂ ਨੂੰ ਬੈਠਣ ਲਈ ਕਿਹਾ, ਇਹ ਕਹਿੰਦੇ ਹੋਏ ਕਿ ਕੁਝ ਨਹੀਂ ਹੋਵੇਗਾ। ਉਨ੍ਹਾਂ ਦੀ ਗੱਲ ਸੁਣ ਕੇ ਬਹੁਤੇ ਬੱਚੇ ਅਤੇ ਔਰਤਾਂ ਵਾਪਸ ਬੈਠ ਗਏ। ਕੁਝ ਦੇਰ ਬਾਅਦ ਹਵਾ ਹੋਰ ਤੇਜ਼ ਹੋ ਗਈ ਅਤੇ ਜਾਗਰਣ ਪਾਰਟੀ ਵੱਲੋਂ ਲਗਾਇਆ ਗਿਆ ਪੰਡਾਲ ਅਚਾਨਕ ਡਿੱਗ ਪਿਆ।
ਇਸ ਹਾਦਸੇ ਵਿੱਚ ਦੋ ਮਹਿਲਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲੁਧਿਆਣਾ ਦੇ ਰਿਸ਼ੀ ਨਗਰ ਦੀ ਰਹਿਣ ਵਾਲੀ ਰਜਨੀ ਅਤੇ ਦ੍ਵਾਰਕਾ ਐਨਕਲੇਵ ਦੀ ਰਹਿਣ ਵਾਲੀ ਸੁਨੀਤਾ ਵਜੋਂ ਹੋਈ ਹੈ। ਇਸ ਤੋਂ ਇਲਾਵਾ, ਲਗਭਗ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਹਨ। ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਗਰਣ ਪਾਰਟੀ ਦੇ ਮੈਂਬਰਾਂ ਅਤੇ ਗਾਇਕਾ ਪੱਲਵੀ ਰਾਵਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਨਾਲ ਹੀ ਜਾਗਰਣ ਪਾਰਟੀ ਦਾ ਸਾਰਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ।
ਪੀਏਯੂ ਥਾਣੇ ਦੇ ਐਸਐਚਓ ਰਾਜਿੰਦਰ ਸਿੰਘ ਨੇ ਦੱਸਿਆ ਕਿ ਗਾਇਕਾ ਅਤੇ ਉਨ੍ਹਾਂ ਦੀ ਜਾਗਰਣ ਪਾਰਟੀ ਨੇ ਲੋਕਾਂ ਨੂੰ ਘਟਨਾਂ ਮੌਕੇ ਵਰਗਲਾ ਕੇ ਉਥੇ ਬੈਠਣ ਲਈ ਕਿਹਾ ਸੀ।