Saturday, February 8Malwa News
Shadow

ਅਧਿਕਾਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਆਨਲਾਈਨ ਐਪਲੀਕੇਸ਼ਨ “ਲੋਕਲ ਬਾਡੀਜ਼ ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ” ਲਾਂਚ

ਚੰਡੀਗੜ੍ਹ, 6 ਅਕਤੂਬਰ : ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ 2024 ਦੇ ਸਬੰਧ ਵਿੱਚ ਚੋਣ ਅਧਿਕਾਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ “ਲੋਕਲ ਬਾਡੀਜ਼ ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ” (ਐਲ.ਬੀ.ਪੀ.ਏ.ਐਮ.ਐਸ) ਨਾਮ ਦੀ ਇੱਕ ਨਵੀਂ ਆਨਲਾਈਨ ਐਪਲੀਕੇਸ਼ਨ ਤਿਆਰ ਕੀਤੀ ਹੈ। ਦੱਸਣਯੋਗ ਹੈ ਕਿ ਇਹ ਐਪਲੀਕੇਸ਼ਨ ਕਮਿਸ਼ਨ ਦੀ ਵੈੱਬਸਾਈਟ sec.punjab.gov.in ‘ਤੇ ਉਪਲੱਬਧ ਹੈ।।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਲੋਕਲ ਬਾਡੀਜ਼ ਦੀਆਂ ਚੋਣਾਂ ਜਿਵੇਂ ਕਿ ਪੰਚਾਇਤੀ ਅਤੇ ਨਗਰ ਨਿਗਮ ਦੀਆਂ ਚੋਣਾਂ ਦੇ ਵਿਸ਼ੇਸ਼ ਸੰਦਰਭ ਵਿੱਚ ਚੋਣ ਪ੍ਰਕਿਰਿਆ ਦੇ ਆਧੁਨਿਕੀਕਰਨ ਲਈ ਇਹ ਇੱਕ ਨਵੀਂ ਪਹਿਲਕਦਮੀ ਹੈ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਅਪਣਾਏ ਜਾ ਰਹੇ ਬਿਹਤਰ ਅਭਿਆਸਾਂ ਨੂੰ ਅਪਣਾਉਣ ਦਾ ਫੈਸਲਾ ਲਿਆ ਹੈ ਤਾਂ ਜੋ ਲੋਕਲ ਬਾਡੀਜ਼ ਦੀਆਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਐਲ.ਬੀ.ਪੀ.ਏ.ਐਮ.ਐਸ. ਐਪਲੀਕੇਸ਼ਨ ਦੀ ਸ਼ੁਰੂਆਤ ਨਾਲ ਚੋਣ ਪ੍ਰਬੰਧਨ ਪ੍ਰਣਾਲੀ ਹੋਰ ਵਧੇਰੇ ਪਾਰਦਰਸ਼ੀ ਅਤੇ ਸੁਚਾਰੂ ਬਣੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਪਹਿਲੀ ਵਾਰ 15 ਅਕਤੂਬਰ, 2024 ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਗਾਮੀ ਮਿਊਂਸਪਲ ਅਤੇ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਲਈ ਵੀ ਇਸ ਆਨਲਾਈਨ ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾਵੇਗੀ।

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਐਪਲੀਕੇਸ਼ਨ ਸਾਰੇ ਜ਼ਿਲ੍ਹਿਆਂ ਲਈ ਵੋਟਰ ਸੂਚੀਆਂ ਦੀ ਆਨਲਾਈਨ ਉਪਲੱਬਧਤਾ ਨੂੰ ਯਕੀਨੀ ਬਣਾਏਗੀ, ਜਿਸ ਨਾਲ  ਲੋਕਾਂ ਲਈ ਆਪਣੀ ਵੋਟ ਦੇ ਵੇਰਵਿਆਂ ਨੂੰ ਦੇਖਣਾ ਹੋਰ ਵੀ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਵੋਟਰ, ਕਿਸੇ ਵੀ ਪੰਚਾਇਤ ਜਾਂ ਮਿਉਂਸਪਲ ਚੋਣਾਂ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਜਾਣਕਾਰੀ ਜਿਵੇਂ ਕਿ ਨਾਮਜ਼ਦਗੀ ਫਾਰਮ ਅਤੇ ਸਵੈ-ਘੋਸ਼ਣਾ ਫਾਰਮ/ਹਲਫ਼ਨਾਮਿਆਂ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣਗੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਐਪਲੀਕੇਸ਼ਨ ਵੋਟਾਂ ਤੋਂ ਪਹਿਲਾਂ ਅਤੇ ਵੋਟਾਂ ਵਾਲੇ ਦਿਨ ਰੀਅਲ-ਟਾਈਮ ਮਾਨੀਟਰਿੰਗ ਨੂੰ ਯਕੀਨੀ ਬਣਾਏਗੀ, ਜਿਸ ਨਾਲ ਚੋਣ ਅਧਿਕਾਰੀਆਂ ਨੂੰ ਪੋਲਿੰਗ ਪਾਰਟੀਆਂ ਦੇ ਰਵਾਨਾ ਹੋਣ ਅਤੇ ਪੋਲਿੰਗ ਵਾਲੀ ਨਿਰਧਾਰਤ ਥਾਂ ‘ਤੇ ਪਹੁੰਚਣ, ਚੋਣ ਗਤੀਵਿਧੀਆਂ, ਵੋਟ ਫੀਸਦ, ਵੋਟਾਂ ਦੀ ਗਿਣਤੀ, ਹੋਰ ਮਹੱਤਵਪੂਰਨ ਘਟਨਾਵਾਂ ਅਤੇ ਚੋਣ ਨਤੀਜਿਆਂ ਬਾਰੇ ਅਸਲ ਸਮੇਂ ਦੀ ਜਾਣਕਾਰੀ ਮਿਲਦੀ ਰਹੇਗੀ।

ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ਦਾ ਵਨ-ਸਟਾਪ ਡੈਸ਼ਬੋਰ, ਰਾਜ ਚੋਣ ਕਮਿਸ਼ਨ ਦੇ ਅਧਿਕਾਰੀਆਂ, ਜ਼ਿਲ੍ਹਾ ਪੱਧਰੀ ਅਫ਼ਸਰਾਂ, ਬਲਾਕ ਪੱਧਰੀ ਅਫ਼ਸਰਾਂ ਅਤੇ ਰਿਟਰਨਿੰਗ ਅਫ਼ਸਰਾਂ ਨੂੰ ਸਾਰੇ ਪ੍ਰਸ਼ਾਸਨਿਕ ਪੱਧਰਾਂ ‘ਤੇ ਅਸਲ-ਸਮੇਂ ਦੀਆਂ ਚੋਣ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਜ਼ਿਕਰਯੋਗ ਹੈ ਕਿ ਐਲ.ਬੀ.ਪੀ.ਏ.ਐਮ.ਐਸ. ਦੀ ਸ਼ੁਰੂਆਤ, ਪੰਜਾਬ ਦੀਆਂ ਗ੍ਰਾਮ ਪੰਚਾਇਤ ਚੋਣਾਂ ਵਿੱਚ ਵਧੇਰੇ ਜਵਾਬਦੇਹੀ, ਪਾਰਦਰਸ਼ਤਾ ਅਤੇ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਰਾਜ ਚੋਣ ਕਮਿਸ਼ਨ ਨੇ ਸਾਰੇ ਵੋਟਰਾਂ, ਉਮੀਦਵਾਰਾਂ ਅਤੇ ਅਧਿਕਾਰੀਆਂ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਲੋੜੀਂਦੀ ਜਾਣਕਾਰੀ ਤੱਕ ਪਹੁੰਚ ਲਈ ਇਸ ਪਲੇਟਫਾਰਮ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਅਤੇ ਸਕੱਤਰ ਰਾਜ ਚੋਣ ਕਮਿਸ਼ਨ ਜਗਜੀਤ ਸਿੰਘ ਨੇ ਇਸ ਐਪਲੀਕੇਸ਼ਨ ਨੂੰ ਤਿਆਰ ਕਰਨ ‘ਚ ਸਹਿਯੋਗ ਦੇਣ ਲਈ ਡੀ.ਡੀ.ਜੀ ਐਂਡ ਐਸ.ਆਈ.ਓ, ਵਿਵੇਕ ਵਰਮਾ, ਸੀਨੀਅਰ ਡਾਇਰੈਕਟਰ (ਆਈ.ਟੀ.) ਊਸ਼ਾ ਰਾਏ,  ਡਾਇਰੈਕਟਰ (ਆਈ.ਟੀ) ਦੀ ਸ਼ਮੂਲੀਅਤ ਵਾਲੀ ਐਨ.ਆਈ.ਸੀ ਪੰਜਾਬ ਦੀ ਟੀਮ ਅਤੇ ਐਨ.ਆਈ.ਸੀ ਜ਼ਿਲ੍ਹਾ ਕੇਂਦਰਾਂ ਦੇ ਸਾਰੇ ਡੀ.ਆਈ.ਓਜ਼ ਦਾ ਧੰਨਵਾਦ ਕੀਤਾ।

Local Bodies Poll Activity Monitoring System Lbpams

Punjab Govt Ad Jobs Feb 25