ਚੰਡੀਗੜ੍ਹ, 28 ਨਵੰਬਰ : ਪੰਜਾਬ ਸਰਕਾਰ ਨੇ ਸੂਬੇ ਦੇ ਵਿਕਾਸ ਕਾਰਜਾਂ ਵਿਚ ਇਕ ਵਾਰ ਫੇਰ ਤੇਜੀ ਲੈ ਆਂਦੀ ਹੈ ਅਤੇ ਇਸੇ ਸਿਲਸਲੇ ਵਿਚ ਅੱਜ ਮਲੋਟ ਸ਼ਹਿਰ ਵਿਚ ਨਵੇਂ ਸੀਵਰੇਜ਼ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਪ੍ਰੋਜੈਕਟ ਪੰਜਾਬ ਸਰਕਾਰ ਵਲੋਂ 6 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੀ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੀ ਸਰਕਾਰ ਵਲੋਂ ਹਰ ਵਰਗ ਦੇ ਸਰਵਪੱਖੀ ਵਿਕਾਸ ਲਈ ਯਤਨ ਕੀਤੇ ਜਾ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਮਲੋਟ ਸ਼ਹਿਰ ਦੇ ਵਾਸੀਆਂ ਦੀ ਨਵਾਂ ਸੀਵਰੇਜ਼ ਪਾਉਣ ਦੀ ਮੰਗ ਲੰਮੇ ਸਮੇਂ ਤੋਂ ਲਟਕੀ ਹੋਈ ਸੀ। ਇਸ ਲਈ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਪ੍ਰੋਜੈਕਟ ਲਈ ਫੰਡ ਜਾਰੀ ਕਰ ਦਿੱਤੇ ਹਨ। ਅੱਜ ਉਨ੍ਹਾਂ ਨੇ ਮਲੋਟ ਦੀ ਮੇਲ ਕਾਲੋਨੀ ਰੋਡ ਉੱਤੇ ਸੀਵਰੇਜ਼ ਦੀਆਂ ਵੱਡੀਆਂ ਪਾਈਪਾਂ ਵਿਛਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਕੁਆਲਿਟੀ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਸ ਪ੍ਰੋਜੈਕਟ ਨਾਲ ਮਲੋਟ ਸ਼ਹਿਰ ਦੀ ਸ਼ਾਨ ਵਿਚ ਚੋਖਾ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੀਵਰੇਜ਼ ਪ੍ਰੋਜੈਕਟ ਤੋਂ ਬਾਅਦ ਸਰਕਾਰ ਵਲੋਂ ਪੀਣ ਵਾਲੇ ਪਾਣੀ ਅਤੇ ਸੜਕਾਂ ਦੇ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ।