Tuesday, December 10Malwa News
Shadow

ਖਾਲਿਸਤਾਨੀਆਂ ਨੇ ਲੈ ਲਈ ਦਿੱਲੀ ਧਮਾਕੇ ਦੀ ਜੁੰਮੇਵਾਰੀ

ਨਵੀਂ ਦਿੱਲੀ 21 ਅਕਤੂਬਰ : ਦਿੱਲੀ ਦੇ ਰੋਹਿਣੀ ਸੈਕਟਰ 14 ਵਿੱਚ CRPF ਸਕੂਲ ਦੇ ਨੇੜੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਖਾਲਿਸਤਾਨੀਆਂ ਨੇ ਲਈ ਹੈ। ਟੈਲੀਗ੍ਰਾਮ ‘ਤੇ ਜਸਟਿਸ ਲੀਗ ਇੰਡੀਆ ਗਰੁੱਪ ‘ ਵਿਚ ਪਾਈ ਗਈ ਪੋਸਟ ਵਿਚ ਇਸ ਧਮਾਕੇ ਦੀ ਜੁੰਮੇਵਾਰੀ ਲਈ ਗਈ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਸਮੇਂ ਹਮਲਾ ਕਰਨ ਵਿੱਚ ਕਿੰਨੇ ਸਮਰੱਥ ਹਨ। ਫਿਲਹਾਲ ਜਾਂਚ ਏਜੰਸੀਆਂ ਇਸ ਪੋਸਟ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਪੋਸਟ ਸਹੀ ਹੈ ਜਾਂ ਕਿਸੇ ਨੇ ਫਰਜੀ ਪੋਸਟ ਪਾਈ ਹੈ?
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਨੈਸ਼ਨਲ ਸਿਕਿਓਰਿਟੀ ਗਾਰਡ (NSG) ਦੀ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਤੋਂ ਰਿਪੋਰਟ ਮੰਗੀ ਹੈ।
ਫੋਰੈਂਸਿਕ ਸਾਇੰਸ ਲੈਬੋਰਟਰੀ (FSL) ਟੀਮ ਦੇ ਸੂਤਰਾਂ ਮੁਤਾਬਕ, ਮੁੱਢਲੀ ਜਾਂਚ ਵਿੱਚ ਕਰੂਡ ਬੰਬ ਵਰਗਾ ਸਮਾਨ ਮਿਲਿਆ ਹੈ। ਹਾਲਾਂਕਿ, ਪੂਰੀ ਰਿਪੋਰਟ ਮਿਲਣ ਤੋਂ ਬਾਅਦ ਹੀ ਅਧਿਕਾਰਤ ਜਾਣਕਾਰੀ ਮਿਲ ਸਕੇਗੀ।
ਦਰਅਸਲ, ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਐਤਵਾਰ ਸਵੇਰੇ ਕਰੀਬ 7:30 ਵਜੇ ਧਮਾਕਾ ਹੋਇਆ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਪਰ CRPF ਸਕੂਲ ਦੀ ਕੰਧ, ਆਸ-ਪਾਸ ਦੀਆਂ ਦੁਕਾਨਾਂ ਅਤੇ ਕੁਝ ਕਾਰਾਂ ਨੂੰ ਨੁਕਸਾਨ ਪਹੁੰਚਿਆ। ਇਸ ਦਾ CCTV ਫੁਟੇਜ ਵੀ ਸਾਹਮਣੇ ਆਇਆ ਹੈ।
ਮਈ ਵਿੱਚ 150 ਤੋਂ ਵੱਧ ਸਕੂਲਾਂ ਵਿੱਚ ਬੰਬ ਧਮਾਕੇ ਦੀ ਧਮਕੀ ਨਾਲ ਜੁੜੇ ਈਮੇਲ ਆਏ ਸਨ। ਜਾਂਚ ਏਜੰਸੀਆਂ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀਆਂ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ, “ਐਤਵਾਰ ਸਵੇਰੇ 07:47 ਵਜੇ, ਇੱਕ PCR ਕਾਲ ਆਈ। ਕਾਲਰ ਨੇ ਦੱਸਿਆ ਕਿ ਰੋਹਿਣੀ ਦੇ ਸੈਕਟਰ 14 ਵਿੱਚ CRPF ਸਕੂਲ ਦੇ ਨੇੜੇ ਬਹੁਤ ਸ਼ੋਰ ਨਾਲ ਇੱਕ ਧਮਾਕਾ ਹੋਇਆ ਹੈ। ਇਸ ਤੋਂ ਬਾਅਦ SHO ਅਤੇ ਸਟਾਫ ਮੌਕੇ ‘ਤੇ ਪਹੁੰਚੇ। ਆਸ-ਪਾਸ ਦੀਆਂ ਦੁਕਾਨਾਂ ਦੇ ਸ਼ੀਸ਼ੇ ਅਤੇ ਦੁਕਾਨ ਦੇ ਨੇੜੇ ਖੜ੍ਹੀ ਇੱਕ ਕਾਰ ਵੀ ਨੁਕਸਾਨੀ ਗਈ ਹੈ।”
ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ।
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਇਸ ਧਮਾਕੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ X ਪੋਸਟ ਵਿੱਚ ਲਿਖਿਆ – ਬੰਬ ਧਮਾਕੇ ਦੀ ਘਟਨਾ ਦਿੱਲੀ ਦੀ ਚਰਮਰਾਉਂਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਰਹੀ ਹੈ। ਦਿੱਲੀ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਜ਼ਿੰਮੇਵਾਰੀ ਭਾਜਪਾ ਦੀ ਕੇਂਦਰ ਸਰਕਾਰ ਕੋਲ ਹੈ। ਪਰ ਭਾਜਪਾ ਆਪਣਾ ਇਹ ਕੰਮ ਛੱਡ ਕੇ ਸਾਰਾ ਸਮਾਂ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮਾਂ ਨੂੰ ਰੋਕਣ ਵਿੱਚ ਲਗਾਉਂਦੀ ਹੈ।
ਉਨ੍ਹਾਂ ਨੇ ਲਿਖਿਆ ਕਿ ਇਹੀ ਕਾਰਨ ਹੈ ਕਿ ਅੱਜ ਦਿੱਲੀ ਵਿੱਚ 1990 ਦੇ ਦਹਾਕੇ ਦੇ ਮੁੰਬਈ ਅੰਡਰਵਰਲਡ ਦੇ ਦੌਰ ਵਰਗੀ ਸਥਿਤੀ ਹੋ ਗਈ ਹੈ। ਸ਼ਹਿਰ ਵਿੱਚ ਖੁੱਲ੍ਹੇਆਮ ਗੋਲੀਆਂ ਚੱਲ ਰਹੀਆਂ ਹਨ, ਗੈਂਗਸਟਰ ਵਸੂਲੀ ਕਰ ਰਹੇ ਹਨ ਅਤੇ ਅਪਰਾਧੀਆਂ ਦਾ ਮਨੋਬਲ ਵਧਿਆ ਹੋਇਆ ਹੈ। ਭਾਜਪਾ ਕੋਲ ਨਾ ਕੰਮ ਕਰਨ ਦੀ ਨੀਅਤ ਹੈ ਨਾ ਕਾਬਲੀਅਤ।
ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਸ-ਪਾਸ ਦੇ ਪੁਲਿਸ ਥਾਣਿਆਂ ਨੂੰ ਵੀ ਚੌਕਸੀ ਅਤੇ ਜਾਂਚ ਵਧਾਉਣ ਲਈ ਅਲਰਟ ਜਾਰੀ ਕੀਤਾ ਗਿਆ ਹੈ। ਬਾਜ਼ਾਰਾਂ ਵਿੱਚ ਪੈਦਲ ਗਸ਼ਤ ਵੀ ਵਧਾ ਦਿੱਤੀ ਗਈ ਹੈ। ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਸਤੂ ਦਿਖਾਈ ਦੇਵੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
ਦਿੱਲੀ ਪੁਲਿਸ ਦੀ ATS ਘਟਨਾ ਦੀ ਜਾਂਚ ਅੱਤਵਾਦੀ ਪੱਖ ਤੋਂ ਕਰ ਰਹੀ ਹੈ। ਸੀਵਰ ਲਾਈਨ ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਨੈਸ਼ਨਲ ਸਿਕਿਓਰਿਟੀ ਗਾਰਡ (NSG) ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।