ਨਵੀਂ ਦਿੱਲੀ 17 ਨਵੰਬਰ : ਆਮ ਆਦਮੀ ਪਾਰਟੀ ਦੇ ਸੀਨੀਅਰ ਮੰਤਰੀ ਕੈਲਾਸ਼ ਗਹਿਲੋਤ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੇ ਅਸਤੀਫੇ ਵਿਚ ਜਿਥੇ ਕੈਲਾਸ਼ ਗਹਿਲੋਤ ਨੇ ਦਿੱਲੀ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ, ਉਥੇ ਆਮ ਆਦਮੀ ਪਾਰਟੀ ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਗਹਿਲੋਤ ਨੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਅਧੀਨ ਪਾਰਟੀ ਛੱਡੀ ਹੈ, ਕਿਉਂਕਿ ਕੈਲਾਸ਼ ਗਹਿਲੋਤ ਉੱਪਰ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।
ਦਿੱਲੀ ਦੇ ਸੀਨੀਅਰ ਮੰਤਰੀ ਕੈਲਾਸ਼ ਗਹਿਲੋਤ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੇਜੇ ਗਏ ਅਸਤੀਫੇ ਵਿਚ ਕਿਹਾ ਹੈ ਕਿ ਉਹ ਦਿੱਲੀ ਸਰਕਾਰ ਦੇ ਕੰਮ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਨੇ ਯਮੁਨਾ ਨਦੀ ਦੀ ਸਫਾਈ ਲਈ ਚੋਣਾ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ। ਪਰ ਸਰਕਾਰ ਬਨਣ ਪਿਛੋਂ ਅਜੇ ਤੱਕ ਯਮੁਨਾ ਦੀ ਸਫਾਈ ਨਹੀਂ ਕੀਤੀ ਗਈ। ਇਸ ਲਈ ਉਹ ਲੋਕਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਦੇ। ਇਸ ਤੋਂ ਇਲਾਵਾ ਕੈਲਾਸ਼ ਗਹਿਲੋਤ ਨੇ ਹੋਰ ਵੀ ਕਈ ਦੋਸ਼ ਲਾਏ। ਦੂਜੇ ਪਾਸੇ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਨੇ ਮੰਤਰੀ ਦੇ ਅਸਤੀਫੇ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਕੈਲਾਸ਼ ਗਹਿਲੋਤ ਖਿਲਾਫ ਈ.ਡੀ. ਅਤੇ ਹੋਰ ਕਈ ਵਿਭਾਗਾਂ ਵਲੋਂ ਜਾਂਚ ਕੀਤੀ ਜਾ ਰਹੀ ਸੀ। ਇਸ ਲਈ ਕੈਲਾਸ਼ ਗਹਿਲੋਤ ਦੇ ਘਰ ਅਤੇ ਦਫਤਰ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਇੰਨਾ ਦਬਾਅ ਬਣਾ ਲਿਆ ਸੀ ਕਿ ਕੈਲਾਸ਼ ਗਹਿਲੋਤ ਕੋਲ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਿਨਾਂ ਕੋਈ ਹੋਰ ਰਸਤਾ ਹੀ ਬਾਕੀ ਨਹੀਂ ਬਚਿਆ ਸੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਦਿੱਲੀ ਦੀਆਂ ਚੋਣਾ ਜਿੱਤਣ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।