ਚੰਡੀਗੜ੍ਹ 17 ਨਵੰਬਰ : ਅੱਜ ਮੋਹਾਲੀ ਪੁਲੀਸ ਨੇ ਇਕ ਪੁਲੀਸ ਮੁਕਾਬਲੇ ਪਿਛੋਂ ਹਾਈਵੇ ਉੱਪਰ ਲੁੱਟਾਂ ਖੋਹਾਂ ਕਰਨ ਵਾਲੇ ਇਕ ਗੈਂਗ ਦੇ ਸਰਗਨਾ ਸਤਪ੍ਰੀਤ ਸਿੰਘ ਸੱਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਮੋਹਾਲੀ ਪੁਲੀਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਗੈਂਗ ਅੰਬਾਲਾ ਤੋਂ ਡੇਰਾਬੱਸੀ ਰੋਡ ‘ਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਲੁੱਟ ਖੋਹ ਕਰਦਾ ਸੀ। ਇਸ ਗ੍ਰੋਹ ਵਲੋਂ ਰਾਤ ਵੇਲੇ ਹਥਿਆਰਾਂ ਦੀ ਨੋਕ ‘ਤੇ ਨਕਦੀ, ਮੋਬਾਈਲ, ਸੋਨਾ ਅਤੇ ਹੋਰ ਕੀਮਤੀ ਸਮਾਨ ਲੁੱਟਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਪੁਲੀਸ ਨੇ ਮੁਕਾਬਲੇ ਪਿਛੋਂ ਇਸ ਗੈਂਗ ਦੇ ਮੁਖੀ ਸਤਪ੍ਰੀਤ ਸਿੰਘ ਸੱਤੀ ਨੂੰ 32 ਬੋਰ ਪਿਸਤੌਲ ਅਤੇ 5 ਕਾਰਤੂਸ਼ਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਪਿੰਡ ਲੇਹਲੀ ਨੇੜੇ ਹੋਏ ਮੁਕਾਬਲੇ ਦੌਰਾਨ ਸੱਤੀ ਦਾ ਇਕ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲੀਸ ਵਲੋਂ ਉਸ ਨੂੰ ਵੀ ਗ੍ਰਿਫਤਾਰ ਕਰਨ ਲਈ ਆਸ ਪਾਸ ਦੇ ਇਲਾਕਿਆਂ ਵਿਚ ਜਾਂਚ ਕੀਤੀ ਜਾ ਰਹੀ ਹੈ।