ਸ੍ਰੀ ਆਨੰਦਪੁਰ ਸਾਹਿਬ, 29 ਨਵੰਬਰ : ਅੱਜ ਪੰਜਾਬ ਵਿਚ ਪਹਿਲੇ ਲਿਫਟ ਸਿੰਚਾਈ ਯੋਜਨਾ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੀਮ ਪਹਾੜੀ ਇਲਾਕੇ ਚੰਗਰ ਦੇ ਪਿੰਡਾਂ ਲਈ ਲਿਫਟ ਸਿੰਚਾਈ ਦਾ ਨੀਂਹ ਪੱਥਰ ਰੱਖਿਆ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ‘ਤੇ 90 ਕਰੋੜ ਰੁਪਏ ਖਰਚ ਆਉਣਗੇ ਅਤੇ ਇਹ ਪ੍ਰੋਜੈਕਟ ਪਿੰਡ ਸਮਲਾਹ ਵਿਖੇ ਲਗਾਇਆ ਜਾਵੇਗਾ, ਜਿਸ ਨਾਲ ਆਸ ਪਾਸ ਦੇ ਸਾਰੇ ਪਿੰਡਾਂ ਨੂੰ ਨਹਿਰੀ ਪਾਣੀ ਮੁਹਈਆ ਕਰਵਾਇਆ ਜਾਵੇਗਾ। ਨੀਂਹ ਪੱਥਰ ਰੱਖਣ ਪਿਛੋਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਇਸ ਇਲਾਕੇ ਵਿਚ ਆਏ ਸਨ, ਤਾਂ ਉਸ ਵੇਲੇ ਹੀ ਉਨ੍ਹਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਇਨ੍ਹਾਂ ਪਿੰਡਾਂ ਨੂੰ ਨਹਿਰੀ ਪਾਣੀ ਹਰ ਹਾਲਤ ਵਿਚ ਪਹੁੰਚਾਇਆ ਜਾਵੇਗਾ। ਇਸ ਲਈ ਜਦੋਂ ਹੁਣ ਲੋਕਾਂ ਨੇ ਉਨ੍ਹਾਂ ਨੂੰ ਤਾਕਤ ਬਖਸ਼ੀ ਹੈ ਤਾਂ ਇਹ ਕੰਮ ਸਿਰੇ ਲੱਗ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ 23 ਵਿਭਾਗਾਂ ਵਲੋ਼ ਮਨਜੂਰੀ ਮਿਲ ਜਾਣ ਪਿਛੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਹੈ। ਇਸ ਪ੍ਰੋਜੈਕਟ ਤਹਿਤ 10 ਪੰਪ ਲਗਾਏ ਜਾਣਗੇ, ਜਿਸ ਨਾਲ 3300 ਏਕੜ ਰਕਬੇ ਨੂੰ ਨਹਿਰੀ ਪਾਣੀ ਮੁਹਈਆ ਕਰਵਾਇਆ ਜਾ ਸਕੇਗਾ।
ਸ੍ਰੀ ਬੈਂਸ ਨੇ ਦੱਸਿਆ ਕਿ ਸਰਕਾਰ ਵਲੋਂ 300 ਕਰੋੜ ਦੇ ਖਰਚ ਨਾਲ ਇਕ ਹੋਰ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਹਰ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਇਆ ਜਾਵੇਗਾ।