ਚੰਡੀਗੜ੍ਹ, 29 ਨਵੰਬਰ : ਪੰਜਾਬ ਸਰਕਾਰ ਨੇ ਅੱਜ ਰਾਜ ਦੇ ਸਾਰੇ ਡਿਪੂ ਹੋਲਡਰਾਂ ਦਾ ਕਮਿਸ਼ਨ ਵਧਾ ਕੇ ਦੁੱਗਣਾ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਇਥੇ ਖਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪਿਛਲੇ 8 ਸਾਲਾਂ ਤੋਂ ਡਿਪੂ ਹੋਲਡਰਾਂ ਦਾ ਕਮਿਸ਼ਨ ਵਧਾਇਆ ਨਹੀਂ ਗਿਆ।
ਉਨ੍ਹਾਂ ਨੇ ਦੱਸਿਆ ਕਿ 2016 ਵਿਚ ਡਿਪੂ ਹੋਲਡਰਾਂ ਦੀ ਮਾਰਜਨ ਮਨੀ 50 ਰੁਪਏ ਪ੍ਰਤੀ ਕੁਇੰਟਲ ਫਿਕਸ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਹ ਮਾਰਜਨ ਮਨੀ ਵਧਾ ਕੇ 90 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਇਹ ਵਾਧਾ ਅਪ੍ਰੈਲ 2024 ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਦੇ 14400 ਡਿਪੂ ਹੋਲਡਰਾਂ ਨੂੰ ਲਾਭ ਮਿਲੇਗਾ। ਇਸ ਕੰਮ ਲਈ ਸਰਕਾਰ ਵਲੋਂ 38.43 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿਚ ਹੋਰ ਰਾਸ਼ਨ ਡਿੱਪੂ ਵੀ ਖੋਲ੍ਹੇ ਜਾ ਰਹੇ ਹਨ ਅਤੇ ਨਵੇਂ ਡਿਪੂਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 5 ਦਸੰਬਰ ਮਿਥੀ ਗਈ ਹੈ। ਪੰਜਾਬ ਵਿਚ 9792 ਨਵੇਂ ਰਾਸ਼ਨ ਡਿੱਪੂ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਵਿਚੋਂ ਪੇਂਡੂ ਖੇਤਰਾਂ ਵਿਚ 8040 ਅਤੇ ਸ਼ਹਿਰਾਂ ਵਿਚ 1742 ਡਿੱਪੂ ਖੋਲ੍ਹੇ ਜਾਣਗੇ।