ਫਰੀਦਕੋਟ, 29 ਨਵੰਬਰ : ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ ਜਿਸ ਤਹਿਤ ਹਰ ਇਲਾਕੇ ਵਿਚ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਸਰਕਾਰ ਵਲੋਂ ਸਿੰਜਾਈ ਵਿਭਾਗ ਦਾ ਬਜਟ 400 ਕਰੋੜ ਤੋਂ ਵਧਾ ਕੇ 1500 ਕਰੋੜ ਕਰ ਦਿੱਤਾ ਗਿਆ ਹੈ।
ਅੱਜ ਫਰੀਦਕੋਟ ਵਿਖੇ ਮਚਾਕੀ ਮੱਲ ਸਿੰਘ ਰੋਡ ‘ਤੇ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ‘ਤੇ 10.24 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਦੋ ਸਟੀਲ ਦੇ ਪੁਲਾਂ ਦਾ ਉਦਘਾਟਨ ਕਰਨ ਪਿਛੋਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਪੁਲਾਂ ਦੇ ਬਨਣ ਨਾਲ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਮਿਲੇਗੀ। ਇਸ ਤੋਂ ਪਹਿਲਾਂ ਇਹ ਪੁਲ ਬਹੁਤ ਤੰਗ ਸਨ, ਜਿਸ ਨਾਲ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹਮੇਸ਼ਾਂ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਸੀ। ਇਹ ਪੁਲ ਮਿਥੇ ਸਮੇਂ ਤੋਂ ਚਾਰ ਮਹੀਨੇ ਪਹਿਲਾਂ ਹੀ ਤਿਆਰ ਕਰ ਦਿੱਤਾ ਗਿਆ ਹੈ, ਜਿਸ ਲਈ ਜਿਲਾ ਪ੍ਰਸਾਸ਼ਨ ਅਤੇ ਵਿਭਾਗ ਦੇ ਅਧਿਕਾਰੀ ਦੀ ਪ੍ਰਸੰਸਾ ਕੀਤੀ ਜਾਣੀ ਬਣਦੀ ਹੈ। ਮੰਤਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨਹਿਰਾਂ ‘ਤੇ ਤਲਵੰਡੀ ਬਾਈਪਾਸ ਉਪਰ ਵੀ ਕਰੀਬ 40 ਕਰੋੜ ਦੀ ਲਾਗਤ ਨਾਲ ਪੁਲ ਬਣ ਰਿਹਾ ਹੈ, ਜੋ ਜਨਵਰੀ ਤੋਂ ਪਹਿਲਾਂ ਤਿਆਰ ਹੋ ਜਾਵੇਗਾ। ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਹੋਰ ਜਿਲਾ ਅਧਿਕਾਰੀ ਵੀ ਹਾਜਰ ਸਨ।